ਹੁਣ 2 ਹਜ਼ਾਰ ਦੇ ਨੋਟ ਹੋਣਗੇ ਬੰਦ! ਰਾਜ ਸਭਾ 'ਚ ਚੁੱਕਿਆ ਗਿਆ ਬਲੈਕ ਮਨੀ ਦਾ ਮੁੱਦਾ
Monday, Dec 12, 2022 - 01:53 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਮੈਂਬਰ ਨੇ ਰਾਜ ਸਭਾ 'ਚ ਸੋਮਵਾਰ ਨੂੰ ਦਾਅਵਾ ਕੀਤਾ ਕਿ 2000 ਰੁਪਏ ਦੇ ਨੋਟਾਂ ਦਾ ਅਪਰਾਧਕ ਗਤੀਵਿਧੀਆਂ ਅਤੇ ਗੈਰ-ਕਾਨੂੰਨੀ ਵਪਾਰ 'ਚ ਵੱਡੇ ਪੈਮਾਨੇ 'ਤੇ ਇਸਤੇਮਾਲ ਹੋ ਰਿਹਾ ਹੈ। ਲਿਹਾਜਾ ਸਰਕਾਰ ਨੂੰ ਇਸ ਨੂੰ ਚਰਨਬੱਧ ਤਰੀਕੇ ਨਾਲ ਬੰਦ ਕਰ ਦੇਣਾ ਚਾਹੀਦਾ। ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਭਾਜਪਾ ਦੇ ਸੁਸ਼ੀਲ ਕੁਮਾਰ ਮੋਦੀ ਨੇ ਉੱਚ ਸਦਨ 'ਚ ਜ਼ੀਰੋ ਕਾਲ ਦੌਰਾਨ ਇਹ ਮੁੱਦਾ ਚੁੱਕਿਆ। ਉਨ੍ਹਾਂ ਕਿਹਾ,''ਬਾਜ਼ਾਰ 'ਚ ਗੁਲਾਬੀ ਰੰਗ ਦੇ 2 ਹਜ਼ਾਰ ਰੁਪਏ ਦੇ ਨੋਟਾਂ ਦਾ ਦਰਸ਼ਨ ਦੁਰਲੱਭ ਹੋ ਗਿਆ ਹੈ। ਏ.ਟੀ.ਐੱਮ. ਤੋਂ ਨਿਕਲ ਰਿਹਾ ਹੈ ਅਤੇ ਅਫ਼ਵਾਹ ਹੈ ਕਿ ਇਹ ਹੁਣ ਜਾਇਜ਼ ਨਹੀਂ ਰਿਹਾ।'' ਉਨ੍ਹਾਂ ਨੇ ਸਰਕਾਰ ਨੂੰ ਇਸ ਬਾਰੇ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ 8 ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਸੀ। ਇਸ ਦੇ ਅਧੀਨ 500 ਅਤੇ 1000 ਰੁਪਏ ਦੇ ਨੋਟਾਂ ਨੂੰ ਗੈਰ-ਕਾਨੂੰਨੀ ਐਲਾਨ ਕਰ ਕੇ ਚਲਨ ਤੋਂ ਬਾਹਰ ਕਰ ਦਿੱਤਾ ਗਿਆ ਸੀ। ਸਰਕਾਰ ਨੇ ਕੁਝ ਦਿਨਾਂ ਬਾਅਦ ਉਨ੍ਹਾਂ ਦੇ ਸਥਾਨ 'ਤੇ 500 ਰੁਪਏ ਅਤੇ 2 ਹਜ਼ਾਰ ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਸਨ। ਭਾਜਪਾ ਮੈਂਬਰ ਮੋਦੀ ਨੇ ਦਾਅਵਾ ਕੀਤਾ ਕਿ ਪਿਛਲੇ 3 ਸਾਲਾਂ ਤੋਂ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ 2 ਹਜ਼ਾਰ ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਹੈ ਅਤੇ ਵੱਡੀ ਗਿਣਤੀ 'ਚ 2 ਹਜ਼ਾਰ ਰੁਪਏ ਦੇ ਨਕਲੀ ਨੋਟ ਜ਼ਬਤ ਵੀ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ,''ਵੱਡੇ ਪੈਮਾਨੇ 'ਤੇ ਲੋਕਾਂ ਨੇ 2 ਹਜ਼ਾਰ ਦੇ ਨੋਟਾਂ ਦੀ ਜਮ੍ਹਾਖੋਰੀ ਕਰ ਰੱਖੀ ਹੈ। ਸਿਰਫ਼ ਗੈਰ-ਕਾਨੂੰਨੀ ਵਪਾਰ 'ਚ ਇਸ ਦਾ ਇਸਤੇਮਾਲ ਹੋ ਰਿਹਾ ਹੈ। ਕੁਝ ਥਾਂਵਾਂ 'ਤੇ ਇਹ ਬਲੈਕ 'ਚ ਵੀ ਮਿਲ ਰਿਹਾ ਹੈ ਅਤੇ ਪ੍ਰੀਮੀਅਮ 'ਤੇ ਵਿਕ ਰਿਹਾ ਹੈ।'' ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ, ਮਨੀ ਲਾਂਡਰਿੰਗ ਅਤੇ ਅੱਤਵਾਦ ਦੇ ਵਿੱਤ ਪੋਸ਼ਣ ਸਮੇਤ ਕਈ ਅਪਰਾਧਾਂ 'ਚ ਇਨ੍ਹਾਂ ਨੋਟਾਂ ਦਾ ਵੱਡੇ ਪੈਮਾਨੇ 'ਤੇ ਇਸਤੇਮਾਲ ਹੁੰਦਾ ਹੈ। ਮੋਦੀ ਨੇ ਕਿਹਾ ਕਿ ਦੁਨੀਆ ਦੀਆਂ ਸਾਰੀਆਂ ਆਧੁਨਿਕ ਅਰਥਵਿਵਸਥਾਵਾਂ 'ਚ ਵੱਡੇ ਨੋਟਾਂ ਦਾ ਚਲਨ ਬੰਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ 'ਚ ਜ਼ਿਆਦਾਤਰ 100 ਡਾਲਰ ਹੈ ਅਤੇ ਉੱਥੇ ਵੀ 1000 ਡਾਲਰ ਦੇ ਨੋਟ ਨਹੀਂ ਹਨ। ਉਨ੍ਹਾਂ ਕਿਹਾ ਕਿ ਚੀਨ, ਕੈਨੇਡਾ, ਆਸਟ੍ਰੇਲੀਆ ਅਤੇ ਯੂਰਪੀ ਸੰਘ 'ਚ ਵੀ ਨੋਟਾਂ ਦੇ ਜ਼ਿਆਦਾਤਰ ਮੁੱਲ 200 ਤੱਕ ਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਨਤਾ ਨੂੰ ਮੌਕਾ ਦੇਵੇ ਤਾਂ ਕਿ ਇਕ ਜਾਂ 2 ਸਾਲ 'ਚ 2000 ਦੇ ਨੋਟਾਂ ਨੂੰ ਦੂਜੇ ਨੋਟਾਂ 'ਚ ਬਦਲ ਲਵੇ। ਉਨ੍ਹਾਂ ਕਿਹਾ,''2000 ਦਾ ਨੋਟ ਯਾਨੀ ਬਲੈਕ ਮਨੀ ਯਾਨੀ ਕਾਲਾਬਾਜ਼ਾਰੀ, ਜੇਕਰ ਕਾਲੇ ਧਨ 'ਤੇ ਰੋਕ ਲਾਉਣੀ ਹੈ ਤਾਂ 2 ਹਜ਼ਾਰ ਦੇ ਨੋਟ ਬੰਦ ਕਰਨੇ ਚਾਹੀਦੇ ਹਨ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ