Microsoft ਦੇ CEO ਸੱਤਿਆ ਨਡੇਲਾ ਅਤੇ LinkedIn 'ਤੇ ਸਰਕਾਰ ਨੇ ਲਗਾਇਆ ਭਾਰੀ ਜੁਰਮਾਨਾ
Thursday, May 23, 2024 - 02:52 PM (IST)
ਨਵੀਂ ਦਿੱਲੀ - ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੇ ਬੁੱਧਵਾਰ ਨੂੰ ਮਾਈਕ੍ਰੋਸਾੱਫਟ ਦੀ ਮਲਕੀਅਤ ਵਾਲੀ ਲਿੰਕਡਇਨ ਇੰਡੀਆ ਨੂੰ ਕੰਪਨੀ ਐਕਟ ਦੇ ਤਹਿਤ ਲਾਭਕਾਰੀ ਮਾਲਕ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਜੁਰਮਾਨਾ ਲਗਾਇਆ। ਇਸ ਦੇ ਨਾਲ ਹੀ ਮਾਈਕ੍ਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਅਤੇ 8 ਹੋਰ ਲੋਕਾਂ 'ਤੇ ਜੁਰਮਾਨਾ ਲਗਾਇਆ ਗਿਆ ਹੈ। ਮਾਈਕ੍ਰੋਸਾਫਟ ਨੇ ਦਸੰਬਰ 2016 ਵਿੱਚ ਪ੍ਰੋਫੈਸ਼ਨਲ ਨੈੱਟਵਰਕਿੰਗ ਪਲੇਟਫਾਰਮ ਲਿੰਕਡਇਨ ਨੂੰ ਹਾਸਲ ਕੀਤਾ ਸੀ।
63 ਪੰਨਿਆਂ ਦੇ ਆਦੇਸ਼ ਵਿੱਚ, ਕੰਪਨੀਆਂ ਦੇ ਰਜਿਸਟਰਾਰ (ਐਨਸੀਟੀ ਦਿੱਲੀ ਅਤੇ ਹਰਿਆਣਾ) ਨੇ ਕਿਹਾ ਕਿ ਲਿੰਕਡਇਨ ਇੰਡੀਆ ਅਤੇ ਬਾਕੀ ਵਿਅਕਤੀਆਂ ਨੇ ਕੰਪਨੀਜ਼ ਐਕਟ, 2013 ਦੇ ਤਹਿਤ ਸਬਸਟੈਂਸ਼ੀਅਲ ਬੈਨੀਫਿਸ਼ੀਅਲ ਓਨਰ (ਐਸਬੀਓ) ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਹੁਕਮ ਵਿੱਚ ਕਿਹਾ ਗਿਆ ਹੈ, "ਸੱਤਿਆ ਨਡੇਲਾ ਅਤੇ ਰਿਆਨ ਰੋਸਲਾਂਸਕੀ ਕੰਪਨੀ ਦੇ ਸਬੰਧ ਵਿੱਚ SBOs ਹਨ ਅਤੇ ਧਾਰਾ 90(1) ਦੇ ਅਨੁਸਾਰ ਰਿਪੋਰਟ ਕਰਨ ਵਿੱਚ ਅਸਫਲ ਰਹਿਣ ਕਾਰਨ ਐਕਟ ਦੀ ਧਾਰਾ 90(10) ਦੇ ਤਹਿਤ ਜੁਰਮਾਨੇ ਲਈ ਜ਼ਿੰਮੇਵਾਰ ਹਨ।" ਰਿਆਨ ਰੋਸਲਾਂਸਕੀ 1 ਜੂਨ, 2020 ਤੋਂ ਲਿੰਕਡਇਨ ਕਾਰਪੋਰੇਸ਼ਨ ਦੇ ਗਲੋਬਲ ਸੀ.ਈ.ਓ. ਹਨ।
ਐਕਟ ਦੀ ਧਾਰਾ 90 SBOs ਨਾਲ ਸੰਬੰਧਿਤ ਹੈ। ਇਸ ਦੇ ਲਈ ਕੰਪਨੀਆਂ ਨੂੰ SBO ਵੇਰਵੇ ਦਾ ਖੁਲਾਸਾ ਕਰਨਾ ਹੋਵੇਗਾ। ਆਦੇਸ਼ ਅਨੁਸਾਰ, ਕੰਪਨੀ ਅਤੇ ਇਸਦੇ ਅਧਿਕਾਰੀ ਕੰਪਨੀ ਦੇ ਸਬੰਧ ਵਿੱਚ SBOs ਦੀ ਪਛਾਣ ਕਰਨ ਲਈ ਜ਼ਰੂਰੀ ਕਦਮ ਚੁੱਕਣ ਵਿੱਚ ਅਸਫਲ ਰਹਿਣ ਲਈ ਕਾਰਵਾਈ ਲਈ ਜ਼ਿੰਮੇਵਾਰ ਹਨ।
ਸਰਕਾਰ ਨੇ ਲਿੰਕਡਇਨ 'ਤੇ 27,10,800 ਰੁਪਏ ਦਾ ਜੁਰਮਾਨਾ ਲਗਾਇਆ ਹੈ। ਸੱਤਿਆ ਨਡੇਲਾ ਸਮੇਤ ਅੱਠ ਹੋਰ ਲੋਕ ਵੀ ਇਸ ਵਿੱਚ ਸ਼ਾਮਲ ਹਨ। ਇਸ ਤੋਂ ਇਲਾਵਾ SBO ਨਿਯਮਾਂ ਦੀ ਉਲੰਘਣਾ ਲਈ ਨਡੇਲਾ ਅਤੇ ਰੋਲਾਂਸਕੀ 'ਤੇ 2-2 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਅਤੇ ਲਿੰਕਡਇਨ 'ਤੇ 7 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।