ਕਸ਼ਮੀਰ ਦੇ ਪਹਾੜੀ ਇਲਾਕਿਆਂ ’ਚ ਹੋਈ ਮੌਸਮ ਦੀ ਪਹਿਲੀ ਬਰਫਬਾਰੀ

Friday, Aug 30, 2024 - 09:55 PM (IST)

ਕਸ਼ਮੀਰ ਦੇ ਪਹਾੜੀ ਇਲਾਕਿਆਂ ’ਚ ਹੋਈ ਮੌਸਮ ਦੀ ਪਹਿਲੀ ਬਰਫਬਾਰੀ

ਜੰਮੂ, (ਰੋਸ਼ਨੀ)- ਸ਼ੁੱਕਰਵਾਰ ਤੜਕੇ ਕਸ਼ਮੀਰ ਵਾਦੀ ਦੇ ਗੁਰੇਜ਼, ਰਾਜ਼ਦਾਨ ਅਤੇ ਹੋਰ ਪਹਾੜੀ ਇਲਾਕਿਆਂ ਵਿਚ ਇਸ ਮੌਸਮ ਦੀ ਪਹਿਲੀ ਬਰਫ਼ਬਾਰੀ ਹੋਈ। ਬਰਫਬਾਰੀ ਨੇ ਕਸ਼ਮੀਰ ਵਾਦੀ ਦੇ ਲੋਕਾਂ ਨੂੰ ਗਰਮੀ ਤੋਂ ਕਾਫੀ ਹੱਦ ਤੱਕ ਰਾਹਤ ਦਿੱਤੀ ਹੈ। ਬਰਫਬਾਰੀ ਕਾਰਨ ਸਥਾਨਕ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਦੌਰਾਨ ਕਸ਼ਮੀਰ ਵਾਦੀ ਦੇ ਕਈ ਮੈਦਾਨੀ ਇਲਾਕਿਆਂ ’ਚ ਹਲਕਾ ਮੀਂਹ ਅਤੇ ਪਹਾੜੀ ਇਲਾਕਿਆਂ ’ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਪਿਛਲੇ ਦਿਨ ਪਏ ਮੀਂਹ ਤੋਂ ਬਾਅਦ ਸ਼ੁੱਕਰਵਾਰ ਨੂੰ ਜੰਮੂ ’ਚ ਮੌਸਮ ਸੁਹਾਵਣਾ ਰਿਹਾ।

ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਜੰਮੂ ਦੇ ਵੱਖ-ਵੱਖ ਇਲਾਕਿਆਂ ’ਚ ਹਲਕਾ ਮੀਂਹ ਪੈ ਸਕਦਾ ਹੈ। ਵਿਭਾਗ ਨੇ 2 ਅਤੇ 3 ਸਤੰਬਰ ਨੂੰ ਜੰਮੂ ਦੇ ਕਈ ਇਲਾਕਿਆਂ ’ਚ ਹਲਕੇ ਤੋਂ ਦਰਮਿਆਨੇ ਮੀਂਹ ਅਤੇ ਕਈ ਥਾਵਾਂ ’ਤੇ ਕੁਝ ਸਮੇਂ ਲਈ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਇਸ ਦੌਰਾਨ ਵਿਭਾਗ ਨੇ ਕੁਝ ਸੰਵੇਦਨਸ਼ੀਲ ਇਲਾਕਿਆਂ ’ਚ ਅਚਾਨਕ ਹੜ੍ਹ, ਜ਼ਮੀਨ ਖਿਸਕਣ, ਮਿੱਟੀ ਧਸਣ ਅਤੇ ਕਈ ਥਾਵਾਂ ’ਤੇ ਪੱਥਰ ਡਿੱਗਣ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਦੇ ਨਾਲ ਹੀ ਵਿਭਾਗ ਨੇ ਕੁਝ ਨੀਂਵੇਂ ਇਲਾਕਿਆਂ ਵਿਚ ਪਾਣੀ ਭਰਨ ਦੇ ਨਾਲ-ਨਾਲ ਨਦੀਆਂ-ਨਾਲਿਆਂ ਅਤੇ ਤਵੀ ਦਰਿਆ ਦੇ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਪ੍ਰਗਟਾਈ ਹੈ।

ਵਿਭਾਗ ਨੇ ਇਸ ਮਿਆਦ ਦੌਰਾਨ ਆਮ ਲੋਕਾਂ ਨੂੰ ਪਹਾੜੀ ਖੇਤਰਾਂ ਵਿਚ ਸਫ਼ਰ ਨਾ ਕਰਨ ਅਤੇ ਨਦੀ-ਨਾਲਿਆਂ, ਖੱਡਾਂ ਅਤੇ ਤਵੀ ਨਦੀ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਵਿਭਾਗ ਨੇ ਕਿਸਾਨਾਂ ਨੂੰ ਇਸ ਸਮੇਂ ਦੌਰਾਨ ਫ਼ਸਲਾਂ ’ਤੇ ਕੀਟਨਾਸ਼ਕਾਂ ਦਾ ਛਿੜਕਾਅ ਨਾ ਕਰਨ ਅਤੇ ਬਰਸਾਤੀ ਪਾਣੀ ਨੂੰ ਆਪਣੇ ਖੇਤਾਂ ਵਿਚ ਜ਼ਿਆਦਾ ਜਮ੍ਹਾ ਨਾ ਹੋਣ ਦੇਣ ਦੀ ਸਲਾਹ ਦਿੱਤੀ ਹੈ।


author

Rakesh

Content Editor

Related News