ਭੈਰੋਂ ਘਾਟੀ ਤੇ ਕੁਫਰੀ ’ਚ ਮੌਸਮ ਦੀ ਪਹਿਲੀ ਬਰਫਬਾਰੀ, ਮੁਗਲ ਰੋਡ ਤੇ ਸ਼੍ਰੀਨਗਰ-ਲੇਹ ਹਾਈਵੇ ਬੰਦ

Friday, Dec 30, 2022 - 12:05 PM (IST)

ਭੈਰੋਂ ਘਾਟੀ ਤੇ ਕੁਫਰੀ ’ਚ ਮੌਸਮ ਦੀ ਪਹਿਲੀ ਬਰਫਬਾਰੀ, ਮੁਗਲ ਰੋਡ ਤੇ ਸ਼੍ਰੀਨਗਰ-ਲੇਹ ਹਾਈਵੇ ਬੰਦ

ਕੱਟੜਾ/ਪੁੰਛ/ਸ਼ਿਮਲਾ (ਅਮਿਤ, ਧਨੁਜ, ਰਾਜੇਸ਼)– ਭੈਰੋਂ ਘਾਟੀ ਵਿਚ ਵੀਰਵਾਰ ਨੂੰ ਇਸ ਮੌਸਮ ਦੀ ਪਹਿਲੀ ਬਰਫਬਾਰੀ ਹੋਈ, ਜਿਸ ਨਾਲ ਸ਼ਰਧਾਲੂਆਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਕੱਟੜਾ ਤੋਂ ਸਾਂਝੀ ਛੱਤ ਦਰਮਿਆਨ ਚੱਲਣ ਵਾਲੀ ਹੈਲੀਕਾਪਟਰ ਸੇਵਾ ਵੀ ਰੁਕ-ਰੁਕ ਕੇ ਜਾਰੀ ਰਹੀ, ਜਿਸ ਦੀ ਪਹਿਲਾਂ ਤੋਂ ਬੁਕਿੰਗ ਕਰ ਕੇ ਆਏ ਸ਼ਰਧਾਲੂਆਂ ਵਲੋਂ ਕਾਫੀ ਮਜ਼ਾ ਲਿਆ ਗਿਆ। ਆਧਾਰ ਕੈਂਪ ਕੱਟੜਾ ਸਮੇਤ ਵੈਸ਼ਣੋ ਦੇਵੀ ਭਵਨ ’ਤੇ ਪਿਛਲੇ ਦਿਨਾਂ ਦੀ ਤੁਲਨਾ ਵਿਚ ਜ਼ਿਆਦਾ ਠੰਡ ਮਹਿਸੂਸ ਕੀਤੀ ਗਈ।

ਪੀਰਪੰਜਾਲ ਰੇਂਜ ਅਤੇ ਕਸ਼ਮੀਰ ਦੇ ਉੱਚੇ ਪਹਾੜਾਂ ’ਤੇ ਤਾਜ਼ਾ ਬਰਫਬਾਰੀ ਹੋਈ ਅਤੇ ਬਰਫ ਦੀ ਸਫੇਦ ਚਾਦਰ ਵਿੱਛ ਗਈ। ਪੁੰਛ ਅਤੇ ਰਾਜੌਰੀ ਜ਼ਿਲੇ ਨੂੰ ਕਸ਼ਮੀਰ ਨਾਲ ਜੋੜਨ ਵਾਲਾ ਮੁਗਲ ਰੋਡ ਅਤੇ ਸ਼੍ਰੀਨਗਰ-ਲੇਹ ਹਾਈਵੇ ਬੰਦ ਕਰ ਦਿੱਤਾ ਗਿਆ। ਮੁਗਲ ਰੋਡ ’ਤੇ ਕੁਝ ਥਾਵਾਂ ’ਤੇ ਇਕ ਫੁੱਟ ਤੋਂ ਵੱਧ ਬਰਫਬਾਰੀ ਹੋਈ ਹੈ। ਕਸ਼ਮੀਰ ਦੇ ਪਹਿਲਗਾਮ, ਗੁਲਮਰਗ, ਸਾਧਨਾ ਟਾਪ ਸਮੇਤ ਪ੍ਰਮੁੱਖ ਥਾਵਾਂ ’ਤੇ ਬਰਫਬਾਰੀ ਹੋਈ ਹੈ। ਜਨਤਕ ਥਾਵਾਂ ਵਿਚ ਚਹਿਲ-ਪਹਿਲ ਨਾ ਦੇ ਬਰਾਬਰ ਰਹੀ।

ਓਧਰ, ਹਿਮਾਚਲ ਵਿਚ ਮੌਸਮ ਨੇ ਕਰਵਟ ਬਦਲ ਲਈ ਹੈ। ਸੂਬੇ ਦੇ ਉਚਾਈ ਵਾਲੇ ਖੇਤਰਾਂ ਵਿਚ ਬਰਫਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਉਥੇ ਹੀ ਬਰਫਬਾਰੀ ਦੇ ਅਲਰਟ ਦਰਮਿਆਨ ਵੀਰਵਾਰ ਨੂੰ ਸ਼ਿਮਲਾ ਦੇ ਨਾਰਕੰਡਾ ਅਤੇ ਕੁਫਰੀ ਵਿਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ। ਸ਼ਿਮਲਾ ਸ਼ਹਿਰ ਵਿਚ ਵੀ ਦਿਨ ਦੇ ਸਮੇਂ ਬਰਫ ਦੇ ਟੁੱਕੜੇ ਡਿੱਗੇ ਹਨ।

ਓਧਰ, ਲਾਹੌਲ-ਸਪਿਤੀ ਜ਼ਿਲੇ ਵਿਚ ਬਰਫਬਾਰੀ ਨੂੰ ਦੇਖਦੇ ਹੋਏ ਜ਼ਿਲਾ ਪ੍ਰਸ਼ਾਸਨ ਲਾਹੌਲ-ਸਪਿਤੀ ਨੇ ਸੈਲਾਨੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਰੋਹਤਾਂਗ ਦੱਰੇ ਸਮੇਤ ਸ਼ਿੰਕੁਲਾ, ਬਾਰਾਲਾਚਾ ਅਤੇ ਕੁੰਜਮ ਦੱਰੇ ਵਿਚ ਭਾਰੀ ਬਰਫਬਾਰੀ ਨਾਲ ਲੇਹ ਦੀ ਜਾਂਸਕਰ ਵਾਦੀ ਦਾ ਲਾਹੌਲ ਨਾਲ ਸੰਪਰਕ ਕੱਟ ਗਿਆ ਹੈ। ਲੇਹ-ਮਨਾਲੀ-ਲੇਹ ਮਾਰਗ, ਬਾਰਾਲਾਚਾ ਦੱਰੇ ਵਿਚ ਬਰਫਬਾਰੀ ਹੋਣ ਨਾਲ ਜਦਕਿ ਮਨਾਲੀ-ਕਾਜਾ ਮਾਰਗ ਅਤੇ ਕੁੰਜਮ ਦੱਰਾ ਬਰਫਬਾਰੀ ਕਾਰਨ 15 ਨਵੰਬਰ ਤੋਂ ਬੰਦ ਹਨ। ਦੇਰ ਸ਼ਾਮ ਟਨਲ ਦੇ ਨੇੜੇ ਤਿਲਕਣ ਵਧਣ ਨਾਲ ਕਈ ਵਾਹਨ ਫੱਸ ਗਏ ਹਨ।


author

Rakesh

Content Editor

Related News