ਬਾਂਦਰਾਂ ਤੋਂ ਔਖਾ ਹੋਇਆ ਪੂਰਾ ਪਿੰਡ ! ਸਰਪੰਚ ਨੂੰ ਪੁਆ ਦਿੱਤੇ ਭਾਲੂ ਦੇ ਕੱਪੜੇ, ਤੇ ਫਿਰ...

Monday, Dec 22, 2025 - 08:47 PM (IST)

ਬਾਂਦਰਾਂ ਤੋਂ ਔਖਾ ਹੋਇਆ ਪੂਰਾ ਪਿੰਡ ! ਸਰਪੰਚ ਨੂੰ ਪੁਆ ਦਿੱਤੇ ਭਾਲੂ ਦੇ ਕੱਪੜੇ, ਤੇ ਫਿਰ...

ਨੈਸ਼ਨਲ ਡੈਸਕ : ਭਾਰਤ ਵਿੱਚ ਜਦੋਂ ਲੋਕ ਕਿਸੇ ਮੁਸੀਬਤ ਵਿੱਚ ਫਸਦੇ ਹਨ, ਤਾਂ ਉਹ ਅਕਸਰ ਅਜਿਹਾ 'ਦੇਸੀ ਜੁਗਾੜ' ਲਗਾਉਂਦੇ ਹਨ, ਜੋ ਸਭ ਨੂੰ ਹੈਰਾਨ ਕਰ ਦਿੰਦਾ ਹੈ। ਅਜਿਹਾ ਹੀ ਕੁਝ ਤੇਲੰਗਾਨਾ ਦੇ ਨਿਰਮਲ ਜ਼ਿਲ੍ਹੇ ਦੇ ਕਦੇਮ ਮੰਡਲ ਅਧੀਨ ਪੈਂਦੇ ਪਿੰਡ ਲਿੰਗਾਪੁਰ ਵਿੱਚ ਦੇਖਣ ਨੂੰ ਮਿਲਿਆ ਹੈ। ਇੱਥੋਂ ਦੇ ਇੱਕ ਨੌਜਵਾਨ ਸਰਪੰਚ ਨੇ ਬਾਂਦਰਾਂ ਦੀ ਦਹਿਸ਼ਤ ਤੋਂ ਪਿੰਡ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਇੱਕ ਬਹੁਤ ਹੀ ਵੱਖਰਾ ਤਰੀਕਾ ਅਪਣਾਇਆ ਹੈ।

ਪਿਛਲੇ 2-3 ਸਾਲਾਂ ਤੋਂ ਪਰੇਸ਼ਾਨ ਸਨ ਪਿੰਡ ਵਾਸੀ 
ਜਾਣਕਾਰੀ ਅਨੁਸਾਰ ਪਿੰਡ ਲਿੰਗਾਪੁਰ ਦੇ ਲੋਕ ਪਿਛਲੇ 2-3 ਸਾਲਾਂ ਤੋਂ ਬਾਂਦਰਾਂ ਦੇ ਆਤੰਕ ਤੋਂ ਬੇਹੱਦ ਪਰੇਸ਼ਾਨ ਸਨ। ਇਸ ਸਮੱਸਿਆ ਦੇ ਹੱਲ ਲਈ ਪਿੰਡ ਵਾਸੀਆਂ ਨੇ ਪਹਿਲਾਂ ਚੰਦਾ ਇਕੱਠਾ ਕਰਕੇ ਪਿੰਡ ਵਿੱਚ ਕਈ ਥਾਵਾਂ 'ਤੇ ਪਿੰਜਰੇ ਵੀ ਲਗਵਾਏ ਸਨ। ਹਾਲਾਂਕਿ ਕੁਝ ਬਾਂਦਰ ਪਿੰਜਰਿਆਂ ਵਿੱਚ ਫਸੇ ਵੀ, ਪਰ ਪੂਰੀ ਤਰ੍ਹਾਂ ਨਾਲ ਇਹ ਸਮੱਸਿਆ ਖਤਮ ਨਹੀਂ ਹੋਈ।

ਸਰਪੰਚ ਨੇ ਖੁਦ ਧਾਰਿਆ ਭਾਲੂ ਦਾ ਰੂਪ
 ਪਿੰਡ ਦੇ ਨਵੇਂ ਚੁਣੇ ਗਏ ਸਰਪੰਚ ਰੰਜੀਤ ਨੇ ਇਸ ਮੁਸੀਬਤ ਦਾ ਹੱਲ ਕੱਢਣ ਲਈ ਖੁਦ ਭਾਲੂ ਦਾ ਸੂਟ ਪਹਿਨ ਲਿਆ ਅਤੇ ਪਿੰਡ ਵਿੱਚ ਘੁੰਮਣਾ ਸ਼ੁਰੂ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਬਾਂਦਰਾਂ ਨੂੰ ਲੱਗਿਆ ਕਿ ਸੱਚਮੁੱਚ ਕੋਈ ਭਾਲੂ ਪਿੰਡ ਵਿੱਚ ਆ ਗਿਆ ਹੈ, ਜਿਸ ਕਾਰਨ ਉਹ ਡਰ ਕੇ ਉੱਥੋਂ ਭੱਜ ਗਏ।

ਸਰਪੰਚ ਦੇ ਇਸ ਅਨੋਖੇ ਅਤੇ ਰਚਨਾਤਮਕ ਕਦਮ ਦੀ ਪੂਰੇ ਇਲਾਕੇ ਵਿੱਚ ਤਾਰੀਫ਼ ਹੋ ਰਹੀ ਹੈ। ਪਿੰਡ ਵਾਸੀਆਂ ਨੂੰ ਸਰਪੰਚ ਦਾ ਇਹ 'ਦੇਸੀ ਜੁਗਾੜ' ਕਾਫੀ ਪਸੰਦ ਆ ਰਿਹਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਬਾਂਦਰਾਂ ਤੋਂ ਵੱਡੀ ਰਾਹਤ ਮਿਲੀ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਇਸ ਘਟਨਾ ਦੀਆਂ ਵੀਡੀਓਜ਼ ਅਤੇ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
 


author

Shubam Kumar

Content Editor

Related News