ਅਰਥਵਿਵਸਥਾ ਲਈ ਇਕ ਹੀ ਵਿਅਕਤੀ ਦਾ ਫੈਸਲਾ ਲੈਣਾ ਘਾਤਕ : ਰਘੁਰਾਮ ਰਾਜਨ

10/12/2019 5:17:23 PM

ਨਵੀਂ ਦਿੱਲੀ — ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਮੋਦੀ ਸਰਕਾਰ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਨੂੰ ਇਕ ਆਦਮੀ ਆਪਣੀ ਮਰਜ਼ੀ ਨਾਲ ਨਹੀਂ ਚਲਾ ਸਕਦਾ। ਭਾਰਤ ਦੀ ਅਰਥਵਿਵਸਥਾ ਬਹੁਤ ਵੱਡੀ ਹੈ। ਸਿਰਫ ਇਕ ਵਿਅਕਤੀ ਦੁਆਰਾ ਇਸ ਨੂੰ ਨਹੀਂ ਚਲਾਇਆ ਜਾ ਸਕਦਾ ਅਤੇ ਇਸ ਦਾ ਉਦਾਹਰਣ ਅਸੀਂ ਸਾਰੇ ਦੇਖ ਚੁੱਕੇ ਹਾਂ।

ਰਾਜਨ ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਬਾਰੇ ਕਹਿ ਚੁੱਕੇ ਹਨ ਕਿ ਜੇਕਰ ਇਕ ਹੀ ਵਿਅਕਤੀ ਅਰਥਵਿਵਸਥਾ ਬਾਰੇ ਫੈਸਲਾ ਲੈਂਦਾ ਰਹੇਗਾ ਤਾਂ ਇਹ ਘਾਤਕ ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮਾਲੀਆ ਘਾਟਾ ਵਧਣ ਨਾਲ ਭਾਰਤੀ ਅਰਥਵਿਵਸਥਾ 'ਤੇ ਨਕਾਰਾਤਮਕ ਅਸਰ ਪਵੇਗਾ, ਜਿਸ ਵਿਚੋਂ ਨਿਕਲਣ ਲਈ ਕਾਫੀ ਸਮਾਂ ਲੱਗ ਸਕਦਾ ਹੈ। ਬ੍ਰਾਊਨ ਯੂਨੀਵਰਸਿਟੀ 'ਚ ਇਕ ਲੈਕਚਰ ਦਿੰਦੇ ਹੋਏ ਰਾਜਨ ਨੇ ਕਿਹਾ ਕਿ ਅਰਥਵਿਵਸਥਾ ਦੇ ਬਾਰੇ ਸਰਕਾਰ ਦੁਆਰਾ ਕੋਈ ਠੋਸ ਕਦਮ ਨਾ ਚੁੱਕੇ ਜਾਣ ਕਾਰਨ ਸੁਸਤੀ ਦਾ ਮਾਹੌਲ ਹੈ।

ਸਾਲ 2016 'ਚ 9 ਫੀਸਦੀ ਸੀ ਵਿਕਾਸ ਦਰ

2016 ਦੀ ਪਹਿਲੀ ਤਿਮਾਹੀ 'ਚ ਵਿਕਾਸ ਦਰ 9 ਫੀਸਦੀ ਦੇ ਆਸ-ਪਾਸ ਸੀ, ਜਿਹੜੀ ਕਿ ਹੁਣ ਘੱਟ ਕੇ 5.3 ਫੀਸਦੀ ਦੇ ਪੱਧਰ 'ਤੇ ਆ ਗਈ ਹੈ। ਦੇਸ਼ ਦੇ ਵਿੱਤੀ ਸੈਕਟਰ ਅਤੇ ਬਿਜਲੀ ਸੈਕਟਰ ਨੂੰ ਸਹਾਇਤਾ ਦੀ ਜ਼ਰੂਰਤ ਹੈ, ਪਰ ਇਸ ਦੇ ਬਾਵਜੂਦ ਵਿਕਾਸ ਦਰ ਨੂੰ ਵਧਾਉਣ ਲਈ ਨਵੇਂ ਖੇਤਰਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਵਿੱਤੀ ਖੇਤਰ 'ਚ ਜਿਹੜਾ ਅਸਥਿਰਤਾ ਦਾ ਮਾਹੌਲ ਹੈ ਉਹ ਇਕ ਤਰ੍ਹਾਂ ਦਾ ਲੱਛਣ ਹੈ।

ਜੀ.ਐਸ.ਟੀ., ਨੋਟਬੰਦੀ ਬਹੁਤ ਹੱਦ ਤੱਕ ਜ਼ਿੰਮੇਵਾਰ

ਰਾਜਨ ਨੇ ਕਿਹਾ ਕਿ ਇਸ ਆਰਥਿਕ ਸੁਸਤੀ ਲਈ ਨੋਟਬੰਦੀ ਅਤੇ ਬਾਅਦ 'ਚ ਹੜਬੜੀ ਨਾਲ ਲਾਗੂ ਕੀਤੀ ਗਈ ਜੀ.ਐਸ.ਟੀ. ਜ਼ਿੰਮੇਵਾਰ ਹੈ। ਜੇਕਰ ਇਹ ਦੋਵੇਂ ਨਾ ਹੁੰਦੇ ਤਾਂ ਸਾਡੀ ਅਰਥਵਿਵਸਥਾ ਵਧੀਆ ਪ੍ਰਦਰਸ਼ਨ ਕਰ ਰਹੀ ਹੁੰਦੀ। ਸਰਕਾਰ ਨੇ ਬਿਨਾਂ ਕਿਸੇ ਸਲਾਹ ਦੇ ਨੋਟਬੰਦੀ ਨੂੰ ਲਾਗੂ ਕਰ ਦਿੱਤਾ। ਇਸ ਤਰ੍ਹਾਂ ਦੇ ਤਜਰਬੇ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਸਲਾਹ-ਮਸ਼ਵਰਾ ਹੋਣਾ ਚਾਹੀਦਾ ਸੀ। ਨੋਟਬੰਦੀ ਕਾਰਨ ਲੋਕਾਂ ਨੂੰ ਨੁਕਸਾਨ ਹੋਇਆ ਹੈ ਅਤੇ ਇਸ ਨੂੰ ਲਾਗੂ ਕਰਨ ਨਾਲ ਕਿਸੇ ਨੂੰ ਕੋਈ ਲਾਭ ਹਾਸਲ ਨਹੀਂ ਹੋਇਆ।


Related News