ਆਰਥਿਕ ਪੈਕੇਜ ''ਚ ਗਰੀਬਾਂ, ਪ੍ਰਵਾਸੀ ਮਜ਼ਦੂਰਾਂ ਤੇ ਮੱਧਮ ਵਰਗ ਲਈ ਕੁਝ ਨਹੀਂ : ਚਿਦਾਂਬਰਮ

05/14/2020 12:01:54 AM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦਾਂਬਰਮ ਨੇ ਬੁੱਧਵਾਰ ਨੂੰ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਰਥਿਕ ਪੈਕੇਜ ਦਾ ਜੋ ਵੇਰਵਾ ਪੇਸ਼ ਕੀਤਾ ਹੈ, ਉਸ ਵਿਚ ਗਰੀਬਾਂ, ਪ੍ਰਵਾਸੀ ਮਜ਼ਦੂਰਾਂ ਅਤੇ ਮੱਧਮ ਵਰਗ ਲਈ ਕੁਝ ਵੀ ਨਹੀਂ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਕਮਜ਼ੋਰ ਵਰਗ ਦੇ 13 ਕਰੋੜ ਲੋਕਾਂ ਦੇ ਖਾਤਿਆਂ ਵਿਚ ਪੈਸੇ ਪਾਵੇ। ਚਿਦਾਂਬਰਮ ਨੇ ਵੀਡੀਓ ਲਿੰਕ ਰਾਹੀਂ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੀ ਰਾਤ ਪ੍ਰਧਾਨ ਮੰਤਰੀ ਨੇ ਪੈਕੇਜ ਦਾ ਐਲਾਨ ਕੀਤਾ ਸੀ, ਹਾਲਾਂਕਿ ਕੁਝ ਵੇਰਵਾ ਨਹੀਂ ਦਿੱਤਾ ਸੀ। ਵਿੱਤ ਮੰਤਰੀ ਤੋਂ ਬਹੁਤ ਉਮੀਦਾਂ ਸਨ, ਪਰ ਉਨ੍ਹਾਂ ਨੇ ਜੋ ਐਲਾਨ ਕੀਤਾ, ਉਸ ਵਿਚ ਗਰੀਬਾਂ ਅਤੇ ਪ੍ਰਵਾਸੀ ਕਾਮਿਆਂ ਲਈ ਕੁਝ ਵੀ ਨਹੀਂ ਹੈ।

ਸਾਬਕਾ ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਅੱਜ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਗਰੀਬ ਅਤੇ ਪ੍ਰਵਾਸੀ ਮਜ਼ਦੂਰ ਹਨ, ਪਰ ਸਰਕਾਰ ਨੇ ਉਨ੍ਹਾਂ ਨੂੰ ਬਿਨਾਂ ਸਹਾਰੇ ਛੱਡ ਦਿੱਤਾ। ਚਿਦਾਂਬਰਮ ਮੁਤਾਬਕ ਇਸ ਪੈਕੇਜ ਵਿਚ ਮੱਧਮ ਵਰਗ ਦੇ ਲਈ ਵੀ ਕੁਝ ਨਹੀਂ ਹੈ। ਉਨ੍ਹਾਂ ਨੂੰ ਕੋਈ ਵਿੱਤੀ ਸਹਿਯੋਗ ਨਹੀਂ ਦਿੱਤਾ ਗਿਆ ਹੈ। ਆਈ.ਟੀ.ਆਰ ਦੀ ਤਾਰੀਕ ਵਧਾਈ ਗਈ ਹੈ, ਪਰ ਇਹ ਵਿੱਤੀ ਸਹਿਯੋਗ ਦਾ ਕਦਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹੇਠਾਂ ਦੀ ਵੱਡੀ ਆਬਾਦੀ (13 ਕਰੋੜ ਲੋਕਾਂ) ਦੇ ਖਾਤਿਆਂ 'ਚ ਪੈਸੇ ਪਾਉਣ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਕਾਂਗਰਸ ਨੇਤਾ ਨੇ ਕਿਹਾ ਕਿ ਵਿੱਤ ਮੰਤਰੀ ਨੇ ਐਮ.ਐਸ.ਐਮ.ਈ. ਯੂਨਿਟਾਂ ਲਈ ਕੁਝ ਸਹਿਯੋਗ ਦਾ ਐਲਾਨ ਦਿੱਤਾ ਪਰ ਇਹ ਵੱਡੇ ਐਮ.ਐਸ.ਐਮ.ਈ. ਯੂਨਿਟਾਂ ਲਈ ਹਨ। ਮੈਨੂੰ ਲੱਗਦਾ ਹੈ ਕਿ 6.3 ਕਰੋੜ ਐਮ.ਐਸ.ਐਮ.ਈ. ਯੂਨਿਟਾਂ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ 20 ਹਜ਼ਾਰ ਕਰੋੜ ਰੁਪਏ ਦੇ ਸਬਆਰਡੀਨੇਟ ਫੰਡ ਅਤੇ 10 ਹਜ਼ਾਰ ਕਰੋੜ ਰੁਪਏ ਦੇ ਕਾਰਪਰਸ ਫੰਡ ਦਾ ਸਵਾਗਤ ਕਰਦੇ ਹਨ, ਪਰ ਇਸ ਦੀਆਂ ਸ਼ਰਤਾਂ ਬਾਰੇ ਜਾਣਕਾਰੀ ਦੀ ਉਡੀਕ ਹੈ।


Sunny Mehra

Content Editor

Related News