ਭਗਵਾਨ ਬਦਰੀਨਾਥ ਧਾਮ ਦੇ ਖੁੱਲ੍ਹੇ ਕਿਵਾੜ, ਦੇਸ਼-ਦੁਨੀਆ ਤੋਂ ਉਮੜੀ ਸ਼ਰਧਾਲੂਆਂ ਦੀ ਭੀੜ
Sunday, May 08, 2022 - 04:32 PM (IST)
ਦੇਹਰਾਦੂਨ– ਦੇਸ਼-ਵਿਦੇਸ਼ ’ਚ ਵੱਸਦੇ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਬਦਰੀਨਾਥ ਮੰਦਰ ਦੇ ਕਿਵਾੜ ਅੱਜ ਯਾਨੀ ਕਿ 8 ਮਈ ਨੂੰ ਖੁੱਲ੍ਹ ਗਏ ਹਨ। ਮੰਦਰ ਦੇ ਕਿਵਾੜ ਸਵੇਰੇ 6:15 ਵਜੇ ਖੋਲ੍ਹੇ ਗਏ। ਸ਼ਰਧਾਲੂ ਬਦਰੀਨਾਥ ਮੰਦਰ ਦੇ ਦਰਸ਼ਨ ਕਰ ਸਕਣਗੇ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਸਥਿਤ ਬਦਰੀਨਾਥ ਧਾਮ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ ’ਚ ਸ਼ਰਧਾਲੂ ਪਹੁੰਚ ਰਹੇ ਹਨ। ਹੁਣ ਗਰਮੀਆਂ ਦੇ ਅਗਲੇ 6 ਮਹੀਨੇ ਤੱਕ ਸ਼ਰਧਾਲੂ ਭਗਵਾਨ ਬਦਰੀ ਵਿਸ਼ਾਲ ਦੇ ਦਰਸ਼ਨ ਅਤੇ ਪੂਜਾ ਬਦਰੀਨਾਥ ਮੰਦਰ ’ਚ ਕਰ ਸਕਣਗੇ।
ਬਦਰੀਨਾਥ ਮੰਦਰ ’ਚ ਦਰਸ਼ਨ ਕਰਨ ਲਈ ਦੇਸ਼-ਦੁਨੀਆ ਤੋਂ ਕਰੀਬ 15 ਹਜ਼ਾਰ ਤੋਂ ਵੱਧ ਸ਼ਰਧਾਲੂ ਉੱਤਰਾਖੰਡ ਪਹੁੰਚੇ। ਇਹ ਸ਼ਰਧਾਲੂ ਕਿਵਾੜ ਖੁੱਲ੍ਹਣ ਦੇ ਇਸ ਬੇਹੱਦ ਮਹੱਤਵਪੂਰਨ ਮੌਕੇ ਦੇ ਗਵਾਹ ਬਣੇ। ਇਸ ਦੇ ਨਾਲ ਹੀ ਇੱਥੇ ਸ਼ਰਧਾਲੂਆਂ ਦੇ ਆਉਣ ਦਾ ਸਿਲਸਿਲਾ ਜਾਰੀ ਰਹੇਗਾ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ 2 ਸਾਲ ਤੱਕ ਇਹ ਯਾਤਰਾ ਬੰਦ ਰਹੀ। ਇਸ ਦੇ ਚੱਲਦੇ ਇਸ ਸਾਲ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਮੌਕੇ ਮੰਦਰ ’ਚ ਬੇਹੱਦ ਸ਼ਾਨਦਾਰ ਸਜਾਵਟ ਕੀਤੀ ਗਈ। ਸਜਾਵਟ ਲਈ ਕਈ ਕੁਇੰਟਲ ਫੁੱਲਾਂ ਦਾ ਇਸਤੇਮਾਲ ਕੀਤਾ ਗਿਆ ਹੈ। ਬਦਰੀਨਾਥ ਧਾਮ ’ਚ ਪਹਿਲੀ ਮਹਾਭਿਸ਼ੇਕ ਪੂਜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੋਂ ਸੰਪੰਨ ਹੋਈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 3 ਮਈ ਨੂੰ ਗੰਗੋਤਰੀ ਅਤੇ ਯਮੁਨੋਤਰੀ ਧਾਮ ਅਤੇ 6 ਮਈ ਨੂੰ ਕੇਦਾਰਨਾਥ ਧਾਮ ਦੇ ਕਿਵਾੜ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹੇ ਜਾ ਚੁੱਕੇ ਹਨ। ਕੋਰੋਨਾ ਕਾਰਨ ਬੀਤੇ ਦੋ ਸਾਲ ਚਾਰਧਾਮ ਯਾਤਰਾ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਪਰ ਇਸ ਵਾਰ ਕਿਵਾੜ ਖੁੱਲ੍ਹਣ ਨਾਲ ਹੀ ਵੱਡੀ ਗਿਣਤੀ ’ਚ ਸ਼ਰਧਾਲੂ ਚਾਰੋਂ ਧਾਮਾਂ ’ਚ ਪਹੁੰਚ ਰਹੇ ਹਨ।