ਸ਼ਸ਼ੀ ਥਰੂਰ ਦੀ ਪਟੀਸ਼ਨ ''ਤੇ ਸੁਪਰੀਮ ਕੋਰਟ ਸੋਮਵਾਰ ਕਰੇਗਾ ਸੁਣਵਾਈ, ਜਾਣੋ ਪੂਰਾ ਮਾਮਲਾ

Saturday, Oct 12, 2024 - 01:50 PM (IST)

ਸ਼ਸ਼ੀ ਥਰੂਰ ਦੀ ਪਟੀਸ਼ਨ ''ਤੇ ਸੁਪਰੀਮ ਕੋਰਟ ਸੋਮਵਾਰ ਕਰੇਗਾ ਸੁਣਵਾਈ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਸੋਮਵਾਰ ਨੂੰ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਉਸ ਪਟੀਸ਼ਨ 'ਤੇ ਸੁਣਵਾਈ ਕਰੇਗਾ, ਜਿਸ ਵਿਚ ਦਿੱਲੀ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ। ਹਾਈ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਣ ਵਾਲੀ ਕਥਿਤ 'ਸ਼ਿਵਲਿੰਗ 'ਤੇ ਬਿੱਛੂ' ਟਿੱਪਣੀ ਲਈ ਥਰੂਰ ਵਿਰੁੱਧ ਮਾਣਹਾਨੀ ਦੀ ਕਾਰਵਾਈ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਥਰੂਰ ਦੀ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ 10 ਸਤੰਬਰ ਨੂੰ ਸੁਪਰੀਮ ਕੋਰਟ ਨੇ ਕਾਂਗਰਸ ਸੰਸਦ ਖ਼ਿਲਾਫ਼ ਦਾਇਰ ਮਾਣਹਾਨੀ ਦੇ ਮਾਮਲੇ 'ਚ ਹੇਠਲੀ ਅਦਾਲਤ 'ਚ ਚੱਲ ਰਹੀ ਕਾਰਵਾਈ 'ਤੇ ਰੋਕ ਲਗਾ ਦਿੱਤੀ ਸੀ। ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਸ਼ਿਕਾਇਤਕਰਤਾ ਭਾਜਪਾ ਨੇਤਾ ਰਾਜੀਵ ਬੱਬਰ ਅਤੇ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕਰਕੇ ਪਟੀਸ਼ਨ 'ਤੇ ਜਵਾਬ ਮੰਗਿਆ ਸੀ। ਅਦਾਲਤ ਦੀ ਵੈੱਬਸਾਈਟ 'ਤੇ 14 ਅਕਤੂਬਰ ਨੂੰ ਸੁਣਵਾਈ ਲਈ ਸੂਚੀਬੱਧ ਕਾਰਨ ਸੂਚੀ ਅਨੁਸਾਰ ਜਸਟਿਸ ਰਿਸ਼ੀਕੇਸ਼ ਰਾਏ ਅਤੇ ਐੱਸਵੀਐੱਨ ਭੱਟੀ ਦੀ ਬੈਂਚ ਥਰੂਰ ਦੀ ਪਟੀਸ਼ਨ 'ਤੇ ਸੁਣਵਾਈ ਕਰੇਗੀ। ਥਰੂਰ ਨੇ ਹਾਈਕੋਰਟ ਦੇ 29 ਅਗਸਤ ਦੇ ਹੁਕਮਾਂ ਖ਼ਿਲਾਫ਼ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ, ਜਿਸ ਨੇ ਉਸ ਵਿਰੁੱਧ ਮਾਣਹਾਨੀ ਦੀ ਕਾਰਵਾਈ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਥਰੂਰ ਦੇ ਵਕੀਲ ਨੇ 10 ਸਤੰਬਰ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਦੱਸਿਆ ਕਿ ਸ਼ਿਕਾਇਤਕਰਤਾ ਨੂੰ ਮਾਮਲੇ 'ਚ ਪੀੜਤ ਧਿਰ ਨਹੀਂ ਕਿਹਾ ਜਾ ਸਕਦਾ ਅਤੇ ਸਿਆਸੀ ਪਾਰਟੀ ਦੇ ਮੈਂਬਰਾਂ ਨੂੰ ਵੀ ਪੀੜਤ ਧਿਰ ਨਹੀਂ ਕਿਹਾ ਜਾ ਸਕਦਾ। ਵਕੀਲ ਨੇ ਦਲੀਲ ਦਿੱਤੀ ਸੀ ਕਿ ਥਰੂਰ ਦੀਆਂ ਟਿੱਪਣੀਆਂ ਨੂੰ ਮਾਣਹਾਨੀ ਕਾਨੂੰਨ ਦੀ ਛੋਟ ਦੀ ਧਾਰਾ ਦੇ ਤਹਿਤ ਸੁਰੱਖਿਅਤ ਕੀਤਾ ਗਿਆ ਸੀ, ਜਿਸ 'ਚ ਕਿਹਾ ਗਿਆ ਹੈ ਕਿ ਚੰਗੀ ਸੋਚ ਨਾਲ ਦਿੱਤਾ ਗਿਆ ਬਿਆਨ ਅਪਰਾਧਿਕ ਨਹੀਂ ਹੈ। ਵਕੀਲ ਨੇ ਕਿਹਾ ਕਿ ਥਰੂਰ ਨੇ ਟਿੱਪਣੀ ਕਰਨ ਤੋਂ 6 ਸਾਲ ਪਹਿਲਾਂ ਕੈਰਾਵਨ ਮੈਗਜ਼ੀਨ 'ਚ ਪ੍ਰਕਾਸ਼ਿਤ ਇਕ ਲੇਖ ਦਾ ਹਵਾਲਾ ਦਿੱਤਾ ਸੀ। ਸਿਖਰਲੀ ਅਦਾਲਤ ਨੇ ਹੈਰਾਨੀ ਜ਼ਾਹਰ ਕੀਤੀ ਸੀ ਕਿ ਜਦੋਂ ਲੇਖ ਅਸਲ 'ਚ 2012 'ਚ ਪ੍ਰਕਾਸ਼ਿਤ ਹੋਇਆ ਸੀ ਤਾਂ ਬਿਆਨ ਅਪਮਾਨਜਨਕ ਨਹੀਂ ਸੀ। ਥਰੂਰ ਵਿਰੁੱਧ ਕਾਰਵਾਈ ਨੂੰ ਰੱਦ ਕਰਨ ਤੋਂ ਇਨਕਾਰ ਕਰਦੇ ਹੋਏ, ਹਾਈ ਕੋਰਟ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਖ਼ਿਲਾਫ਼ 'ਸ਼ਿਵਲਿੰਗ 'ਤੇ ਬਿੱਛੂ' ਵਰਗੇ ਇਲਜ਼ਾਮ ਪਹਿਲੀ ਨਜ਼ਰ 'ਚ 'ਨਿੰਦਣਯੋਗ' ਹਨ। ਦਿੱਲੀ ਹਾਈ ਕੋਰਟ ਨੇ 16 ਅਕਤੂਬਰ 2020 ਨੂੰ ਮਾਣਹਾਨੀ ਦੀ ਸ਼ਿਕਾਇਤ 'ਚ ਤਿਰੂਵਨੰਤਪੁਰਮ ਤੋਂ ਕਾਂਗਰਸ ਦੇ ਸੰਸਦ ਮੈਂਬਰ ਥਰੂਰ ਵਿਰੁੱਧ ਅਪਰਾਧਿਕ ਕਾਰਵਾਈ 'ਤੇ ਰੋਕ ਲਗਾ ਦਿੱਤੀ ਸੀ ਅਤੇ ਧਿਰਾਂ ਨੂੰ 10 ਸਤੰਬਰ ਨੂੰ ਹੇਠਲੀ ਅਦਾਲਤ 'ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News