ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਡਾਕਟਰਾਂ ਨੂੰ ਕੰਮ 'ਤੇ ਪਰਤਣ ਲਈ ਕਿਹਾ, ਦਿੱਤਾ ਇਹ ਭਰੋਸਾ

Thursday, Aug 22, 2024 - 12:24 PM (IST)

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਵਿਚ ਪੋਸਟ ਗ੍ਰੈਜੂਏਟ ਮਹਿਲਾ ਟਰੇਨੀ ਡਾਕਟਰ ਨਾਲ ਜਬਰ ਜ਼ਿਨਾਹ ਅਤੇ ਕਤਲ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਨੂੰ ਕੰਮ 'ਤੇ ਵਾਪਸ ਆਉਣ ਲਈ ਕਿਹਾ ਅਤੇ ਭਰੋਸਾ ਦਿਵਾਇਆ ਕਿ ਕੰਮ 'ਤੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਨਾਗਪੁਰ ਦੇ ਰੈਜ਼ੀਡੈਂਟ ਡਾਕਟਰਾਂ ਦੇ ਵਕੀਲ ਨੇ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੂੰ ਦੱਸਿਆ ਕਿ ਡਾਕਟਰ ਨਾਲ ਜਬਰ ਜ਼ਿਨਾਹ ਅਤੇ ਕਤਲ ਦੀ ਘਟਨਾ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਡਾਕਟਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ।

ਬੈਂਚ ਨੇ ਕਿਹਾ,''ਉਨ੍ਹਾਂ ਦੇ ਕੰਮ 'ਤੇ ਵਾਪਸ ਆਉਣ ਤੋਂ ਬਾਅਦ ਅਸੀਂ ਕਾਰਵਾਈ ਨਾ ਕਰਨ ਲਈ ਅਧਿਕਾਰੀਆਂ 'ਤੇ ਦਬਾਅ ਪਾਵਾਂਗੇ। ਜੇਕਰ ਡਾਕਟਰ ਹੀ ਕੰਮ ਨਹੀਂ ਕਰਨਗੇ ਤਾਂ ਜਨ ਸਿਹਤ ਦਾ ਢਾਂਚਾ (ਪਬਲਿਕ ਹੈਲਥ ਸਿਸਟਮ) ਕਿਵੇਂ ਚੱਲ ਸਕੇਗਾ?'' ਉਨ੍ਹਾਂ ਕਿਹਾ ਕਿ ਜੇਕਰ ਇਸ ਤੋਂ ਬਾਅਦ ਵੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਅਦਾਲਤ ਦਾ ਰੁਖ ਕਰਨਾ ਚਾਹੀਦਾ ਹੈ ਪਰ ਪਹਿਲਾਂ ਕੰਮ 'ਤੇ ਵਾਪਸ ਆਓ। ਸਰਕਾਰੀ ਹਸਪਤਾਲ ਦੇ ਕਾਨਫਰੰਸ ਰੂਮ 'ਚ ਡਾਕਟਰ ਨਾਲ ਕਥਿਤ ਜਬਰ ਜ਼ਿਨਾਹ ਅਤੇ ਕਤਲ ਦੇ ਮਾਮਲੇ 'ਚ ਦੇਸ਼ ਭਰ 'ਚ ਪ੍ਰਦਰਸ਼ਨ ਹੋ ਰਹੇ ਹਨ। ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ 9 ਅਗਸਤ ਨੂੰ ਇਕ ਮਹਿਲਾ ਡਾਕਟਰ ਦੀ ਲਾਸ਼ ਮਿਲੀ ਸੀ। ਪੁਲਸ ਨੇ ਇਸ ਮਾਮਲੇ 'ਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News