ਦੇਸ਼ 'ਚ ਹਰ ਦਿਨ ਕਰੀਬ 20 ਹਜ਼ਾਰ ਕਰੋੜ ਰੁਪਏ ਦਾ ਹੋ ਰਿਹੈ ਡਿਜੀਟਲ ਲੈਣ-ਦੇਣ : PM ਮੋਦੀ

Sunday, Apr 24, 2022 - 11:18 AM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ 'ਚ ਹਰ ਰੋਜ਼ ਲਗਭਗ 20,000 ਕਰੋੜ ਰੁਪਏ ਦੇ 'ਡਿਜੀਟਲ ਲੈਣ-ਦੇਣ' ਹੋ ਰਿਹਾ ਹੈ ਅਤੇ ਇਸ ਨਾਲ ਇਕ ਡਿਜੀਟਲ ਅਰਥਵਿਵਸਥਾ ਬਣ ਰਹੀ ਹੈ ਅਤੇ ਦੇਸ਼ 'ਚ ਇਕ ਸੱਭਿਆਚਾਰ ਵੀ ਵਿਕਸਿਤ ਹੋ ਰਿਹਾ ਹੈ। ਆਕਾਸ਼ਵਾਣੀ ਦੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 88ਵੇਂ ਐਪੀਸੋਡ 'ਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਲੈਣ-ਦੇਣ ਨਾਲ ਸਹੂਲਤ ਵੀ ਵਧ ਰਹੀ ਹੈ ਅਤੇ ਦੇਸ਼ 'ਚ ਈਮਾਨਦਾਰੀ ਦਾ ਮਾਹੌਲ ਵੀ ਬਣ ਰਿਹਾ ਹੈ। ਉਨ੍ਹਾਂ ਨੇ ਦਿੱਲੀ ਦੀ ਰਹਿਣ ਵਾਲੀਆਂ 2 ਭੈਣਾਂ ਸਾਗਰਿਕਾ ਅਤੇ ਪ੍ਰੇਕਸ਼ਾ ਦੇ 'ਕੈਸ਼ਲੈੱਸ ਡੇਅ ਆਊਟ' ਦਾ ਸੰਕਲਪ ਸਾਂਝਾ ਕੀਤਾ ਅਤੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਉਹ ਵੀ ਇਸ ਨੂੰ ਅਪਣਾਉਣ।

 

ਉਨ੍ਹਾਂ ਕਿਹਾ,''ਘਰ ਤੋਂ ਇਹ ਸੰਕਲਪ ਲੈ ਕੇ ਨਿਕਲੋ ਕਿ ਦਿਨ ਭਰ ਪੂਰੇ ਸ਼ਹਿਰ 'ਚ ਘੁੰਮੋਗੇ ਅਤੇ ਇਕ ਵੀ ਪੈਸੇ ਦਾ ਲੈਣ-ਦੇਣ ਨਕਦ ਨਹੀਂ ਕਰੋਗੇ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਲੈਣ-ਦੇਣ ਹੁਣ ਦਿੱਲੀ ਜਾਂ ਵੱਡੇ ਮਹਾਨਗਰਾਂ ਤੱਕ ਹੀ ਸੀਮਿਤ ਨਹੀਂ ਹਨ ਸਗੋਂ ਇਸ ਦਾ ਪ੍ਰਸਾਰ ਸੁਦੂਰ ਦੇ ਪਿੰਡਾਂ ਤੱਕ ਹੋ ਚੁਕਿਆ ਹੈ। ਉਨ੍ਹਾਂ ਕਿਹਾ,''ਜਿਨ੍ਹਾਂ ਥਾਂਵਾਂ 'ਤੇ ਕੁਝ ਸਾਲ ਪਹਿਲੇ ਤੱਕ ਇੰਟਰਨੈੱਟ ਦੀ ਚੰਗੀ ਸਹੂਲਤ ਵੀ ਨਹੀਂ ਸੀ, ਉੱਥੇ ਵੀ ਯੂ.ਪੀ.ਆਈ. ਤੋਂ ਲੈਣ-ਦੇਣ ਦੀ ਸਹੂਲਤ ਉਪਲੱਬਧ ਹੈ। ਹੁਣ ਤਾਂ ਛੋਟੇ-ਛੋਟੇ ਸ਼ਹਿਰਾਂ 'ਚ ਅਤੇ ਜ਼ਿਆਦਾਤਰ ਪਿੰਡਾਂ 'ਚ ਵੀ ਲੋਕ ਯੂ.ਪੀ.ਆਈ. ਤੋਂ ਹੀ ਲੈਣ-ਦੇਣ ਕਰ ਰਹੇ ਹਨ।'' ਮੋਦੀ ਨੇ ਹਾਲ 'ਚ ਕੀਤੇ ਗਏ ਪ੍ਰਧਾਨ ਮੰਤਰੀ ਮਿਊਜ਼ੀਅਮ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਤਿਹਾਸ ਨੂੰ ਲੈ ਕੇ ਲੋਕਾਂ ਦੀ ਦਿਲਚਸਪੀ ਕਾਫ਼ੀ ਵਧ ਰਹੀ ਹੈ ਅਤੇ ਪ੍ਰਧਾਨ ਮੰਤਰੀ ਮਿਊਜ਼ੀਅਮ ਨੌਜਵਾਨਾਂ ਲਈ ਵੀ ਆਕਰਸ਼ਨ ਦਾ ਕੇਂਦਰ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਮਿਊਜ਼ੀਅਮ ਦੇਸ਼ ਦੀ ਅਨਮੋਲ ਵਿਰਾਸਤ ਨਾਲ ਨੌਜਵਾਨਾਂ ਨੂੰ ਜੋੜ ਰਿਹਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News