ਗਰਭਵਤੀ ਔਰਤਾਂ ਤੋਂ ਬੱਚਿਆਂ ’ਚ ਨਹੀਂ ਫੈਲਦਾ ਕੋਰੋਨਾ ਵਾਇਰਸ

Monday, Mar 23, 2020 - 07:52 PM (IST)

ਨਵੀਂ ਦਿੱਲੀ– ਕੋਰੋਨਾ ਵਾਇਰਸ ਤੋਂ ਪੀੜਤ ਗਰਭਵਤੀ ਔਰਤਾਂ ਦੇ ਭਰੂਣ ’ਚ ਇਨਫੈਕਸ਼ਨ ਫੈਲਣ ਦਾ ਕੋਈ ਖਤਰਾ ਨਹੀਂ ਹੈ। ਇਹ ਦਾਅਵਾ ਹਾਲ ਹੀ ’ਚ ਹੋਏ ਇਕ ਚੀਨੀ ਅਧਿਐਨ ’ਚ ਕੀਤਾ ਗਿਆ ਹੈ। ਇਹ ਅਧਿਐਨ ਫਰੰਟੀਅਰਸ ਇਨ ਪੇਡੀਆਟ੍ਰਿਕਸ ’ਚ ਪ੍ਰਕਾਸ਼ਿਤ ਕੀਤਾ ਗਿਆ ਸੀ। ਅਧਿਐਨ ਹੁਜਹੋਂਗ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਲੌਜੀ ਵੁਹਾਨ ਦੇ ਖੋਜਕਾਰਾਂ ਨੇ ਕੀਤਾ ਹੈ। ਇਹ ਇਸ ਗੱਲ ਦੀ ਪੁਸ਼ਟੀ ਕਰਨ ਲਈ ਇਕ ਮਹੀਨੇ ’ਚ ਦੂਜੀ ਖੋਜ ਹੈ ਕਿ ਇਹ ਵਾਇਰਸ ਗਰਭਵਤੀ ਔਰਤਾਂ ਤੋਂ ਬੱਚਿਆਂ ’ਚ ਨਹੀਂ ਪਹੁੰਚਦਾ ਹੈ।
ਕੋਰੋਨਾ ਵਾਇਰਸ ਮਹਾਮਾਰੀ ਦਾ ਕੇਂਦਰ ਚੀਨ ਦੇ ਹੁਬੇਈ ਸੂਬੇ ’ਚ ਸਥਿਤ ਵੁਹਾਨ ਨੂੰ ਮੰਨਿਆ ਜਾਂਦਾ ਹੈ। ਇਸ ਨੇ ਦੁਨੀਆ ਭਰ ’ਚ 3 ਲੱਖ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ 14000 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਅਧਿਐਨ ਦਾ ਵਿਸ਼ਾ ਚਾਰ ਕੋਰੋਨਾ ਵਾਇਰਸ ਮਰੀਜ ਸਨ, ਜਿਨ੍ਹਾਂ ਨੇ ਵੁਹਾਨ ਦੇ ਯੂਨੀਅਨ ਹਸਪਤਾਲ ’ਚ ਬੱਚਿਆਂ ਨੂੰ ਜਨਮ ਦਿੱਤਾ, ਜੋ ਯੂਨੀਵਰਸਿਟੀ ਦੇ ਅੰਦਰ ਆਉਂਦਾ ਹੈ। ਸਾਰੇ ਬੱਚਿਆਂ ਨੂੰ ਸ਼ੁਰੂ ’ਚ ਨਿਓਨੇਟਲ ਯੂਨਿਟ ’ਚ ਰੱਖਿਆ ਗਿਆ। ਕਿਸੇ ਵੀ ਬੱਚੇ ਨੇ ਕੋਰੋਨਾ ਵਾਇਰਸ ਨਾਲ ਜੁੜੇ ਕੋਈ ਵੀ ਗੰਭੀਰ ਲੱਛਣ ਜਿਵੇਂ ਕਿ ਬੁਖਾਰ ਜਾਂ ਖਾਂਸੀ ਨਹੀਂ ਦਿਖਾਏ। ਚਾਰ ’ਚੋਂ ਤਿੰਨ ਦੇ ਗਲੇ ’ਚ ਖਾਰਿਸ਼ ਤੋਂ ਬਾਅਦ ਇਨਫੈਕਸ਼ਨ ਲਈ ਟੈਸਟ ਲਏ ਜਦੋਂ ਕਿ ਚੌਥੇ ਬੱਚੇ ਦੀ ਮਾਂ ਨੇ ਟੈਸਟ ਲਈ ਇਜਾਜ਼ਤ ਨਹੀਂ ਦਿੱਤੀ।
ਰਿਪੋਰਟ ਮੁਤਾਬਕ ਇਕ ਬੱਚੇ ਨੂੰ ਤਿੰਨ ਦਿਨਾਂ ਤੱਕ ਸਾਹ ਲੈਣ ਦੀ ਮਾਮੂਲੀ ਸਮੱਸਿਆ ਹੋਈ, ਜਦੋਂ ਕਿ ਦੋ ਹੋਰ ਦੇ ਧੱਬੇ ਨਜ਼ਰ ਆਏ ਜੋ ਕਿ ਆਪਣੇ-ਆਪ ਹੀ ਗਾਇਬ ਹੋ ਗਏ। ਖੋਜਕਾਰ ਯੇਲੇਨ ਲਿਓ ਨੇ ਅਧਿਐਨ ਦੇ ਨਾਲ ਬਿਆਨ ’ਚ ਕਿਹਾ ਕਿ ਸਾਨੂੰ ਯਕੀਨ ਨਹੀਂ ਹੈ ਕਿ ਇਹ ਧੱਬੇ ਮਾਂ ਦੇ ਕੋਰੋਨਾ ਇਨਫੈਕਸ਼ਨ ਦੇ ਕਾਰਣ ਸਨ। ਟੀਮ ਮੁਤਾਬਕ ਸਾਰੇ ਚਾਰ ਬੱਚੇ ਤੰਦਰੁਸਤ ਹਨ ਅਤੇ ਉਨ੍ਹਾਂ ਦੀਆਂ ਮਾਵਾਂ ਵੀ ਪੂਰੀ ਤਰ੍ਹਾਂ ਤੰਦਰੁਸਤ ਹਨ। ਚੀਨ ’ਚ ਡਾਕਟਰ ਚੌਕਸ ਰਹੇ ਹਨ ਅਤੇ ਜਿਨ੍ਹਾਂ ਲੋਕਾਂ ਨੂੰ ਜਨਮ ਦੇਣ ਤੋਂ ਕੁਝ ਸਮਾਂ ਪਹਿਲਾਂ ਵਾਇਰਸ ਦਾ ਪਤਾ ਲੱਗਾ ਸੀ, ਉਹ ਦੋ ਹਫਤੇ ਲਈ ਆਪਣੇ ਨਵਜੰਮੇ ਬੱਚਿਆਂ ਤੋਂ ਅਲੱਗ ਹੋ ਗਏ ਹਨ। ਇਨ੍ਹਾਂ ਬੱਚਿਆਂ ਨੂੰ ਫਾਰਮੂਲਾ ਖੁਆਇਆ ਗਿਆ ਹੈ ਅਤੇ ਉਹ ਤੰਦਰੁਸਤ ਦਿਖਾਈ ਦਿੰਦੇ ਹਨ।


Gurdeep Singh

Content Editor

Related News