ਪਤਨੀ ਦੀ ਲਾਸ਼ ਦੇ 72 ਟੁੱਕੜੇ ਕਰਨ ਵਾਲੇ ਦੋਸ਼ੀ ਨੂੰ ਨਹੀਂ ਮਿਲੀ ਜ਼ਮਾਨਤ, 11 ਸਾਲਾਂ ਤੋਂ ਜੇਲ੍ਹ 'ਚ ਹੈ ਬੰਦ
Tuesday, Jul 27, 2021 - 06:04 PM (IST)
ਨੈਨੀਤਾਲ- ਉਤਰਾਖੰਡ ਹਾਈ ਕੋਰਟ ਨੇ ਦੇਹਰਾਦੂਨ ਦੇ ਚਰਚਿਤ ਅਨੁਪਮਾ ਗੁਲਾਟੀ ਕਤਲਕਾਂਡ ਦੇ ਦੋਸ਼ੀ ਰਾਜੇਸ਼ ਗੁਲਾਟੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਚੀਫ਼ ਜਸਟਿਸ ਆਰ.ਐੱਸ. ਚੌਹਾਨ ਦੀ ਅਗਵਾਈ ਵਾਲੀ ਬੈਂਚ ਨੇ ਇਸ ਨੂੰ ਭਿਆਨਕ ਘਟਨਾ ਕਰਾਰ ਦਿੱਤਾ ਹੈ। ਉਤਰਾਖੰਡ ਦੀ ਅਸਥਾਈ ਰਾਜਧਾਨੀ ਦੇਹਰਾਦੂਨ 'ਚ 17 ਅਕਤੂਬਰ 2010 ਨੂੰ ਅਨੁਪਮਾ ਗੁਲਾਟੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਅਨੁਪਮਾ ਦੀ ਲਾਸ਼ ਦੇ 72 ਟੁੱਕੜੇ ਕਰ ਕੇ ਡੀਫਰਿੱਜਰ 'ਚ ਲੁਕਾ ਦਿੱਤੇ ਗਏ ਸਨ। ਪੁਲਸ ਨੇ ਕਤਲ ਦੇ ਮਾਮਲੇ 'ਚ ਸਾਫ਼ਟਵੇਅਰ ਇੰਜੀਨੀਅਅਰ ਅਤੇ ਅਨੁਪਮਾ ਦੇ ਪਤੀ ਰਾਜੇਸ਼ ਗੁਲਾਟੀ ਨੂੰ ਜੇਲ੍ਹ ਭੇਜ ਦਿੱਤਾ ਸੀ।
ਇਹ ਵੀ ਪੜ੍ਹੋ : ਹਿਮਾਚਲ ਹਾਦਸਾ : ਮੌਤ ਤੋਂ ਕੁਝ ਮਿੰਟ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖ਼ਰੀ ਫ਼ੋਟੋ
ਅਦਾਲਤ ਨੇ ਇਕ ਸਤੰਬਰ 2017 ਨੂੰ ਇਸ ਨੂੰ ਭਿਆਨਕ ਘਟਨਾ ਕਰਾਰ ਦਿੰਦੇ ਹੋਏ ਰਾਜੇਸ਼ ਗੁਲਾਟੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਦੋਸ਼ੀ ਉਦੋਂ ਤੋਂ ਜੇਲ੍ਹ 'ਚ ਬੰਦ ਹੈ। ਗੁਲਾਟੀ ਵਲੋਂ 2017 'ਚ ਹਾਈ ਕੋਰਟ 'ਚ ਅਪੀਲ ਦਾਇਰ ਕੀਤੀ ਗਈ ਸੀ। ਅੱਜ ਗੁਲਾਟੀ ਦੀ ਜ਼ਮਾਨਤ ਪ੍ਰਾਰਥਨਾ ਪੱਤਰ 'ਤੇ ਸੁਣਵਾਈ ਹੋਈ। ਉਸ ਵਲੋਂ ਕਿਹਾ ਗਿਆ ਕਿ ਉਹ 11 ਸਾਲ ਤੋਂ ਜੇਲ੍ਹ 'ਚ ਬੰਦ ਹੈ ਅਤੇ ਇਸ ਦੌਰਾਨ ਉਸ ਦਾ ਆਚਰਨ ਚੰਗਾ ਪਾਇਆ ਗਿਆ। ਜੇਲ੍ਹ ਪ੍ਰਸ਼ਾਸਨ ਵਲੋਂ ਚੰਗੇ ਆਚਰਨ ਦਾ ਪ੍ਰਮਾਣ ਪੱਤਰ ਵੀ ਦਿੱਤਾ ਗਿਆ ਹੈ। ਇਸ ਲਈ ਦੋਸ਼ੀ ਜ਼ਮਾਨਤ ਪਾਉਣ ਦਾ ਹੱਕਦਾਰ ਹੈ। ਦੂਜੇ ਪਾਸੇ ਸਰਕਾਰ ਵਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ ਅਤੇ ਕਿਹਾ ਗਿਆ ਕਿ ਦੋਸ਼ੀ ਨੇ ਭਿਆਨਕ ਘਟਨਾ ਨੂੰ ਅੰਜਾਮ ਦਿੱਤਾ ਹੈ। ਦੋਸ਼ੀ ਵਿਰੁੱਧ ਪੇਸ਼ 42 ਗਵਾਹਾਂ ਨੇ ਇਸ ਨੂੰ ਬੇਰਹਿਮੀ ਨਾਲ ਕਤਲ ਕਰਾਰ ਦਿੰਦੇ ਹੋਏ ਸਖ਼ਤ ਸਜ਼ਾ ਦੀ ਮੰਗ ਕੀਤੀ ਸੀ। ਅੰਤ 'ਚ ਮਾਮਲੇ ਨੂੰ ਸੁਣਨ ਤੋਂ ਬਾਅਦ ਬੈਂਚ ਨੇ ਜ਼ਮਾਨਤ ਪ੍ਰਾਰਥਨਾ ਪੱਤਰ ਨੂੰ ਖਾਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ’ਚ ਟੁੱਟਿਆ ਕੁਦਰਤ ਦਾ ਕਹਿਰ, ਜ਼ਮੀਨ ਖਿਸਕਣ ਕਾਰਨ 9 ਲੋਕਾਂ ਦੀ ਮੌਤ