ਬੱਚੇ ਨੇ ਮੰਗਿਆ ਮਿਡ-ਡੇਅ-ਮੀਲ, ਸਟਾਫ ਨੇ ਗਰਮ ਦਾਲ ਨਾਲ ਸਾੜਿਆ

Tuesday, Jan 30, 2018 - 03:29 PM (IST)

ਬੱਚੇ ਨੇ ਮੰਗਿਆ ਮਿਡ-ਡੇਅ-ਮੀਲ, ਸਟਾਫ ਨੇ ਗਰਮ ਦਾਲ ਨਾਲ ਸਾੜਿਆ

ਭੋਪਾਲ— ਮੱਧ ਪ੍ਰਦੇਸ਼ ਦੇ ਡਿੰਡੋਰੀ ਜ਼ਿਲੇ 'ਚ ਇਕ ਸਕੂਲ 'ਚ ਬੱਚੇ ਨਾਲ ਬੇਰਹਿਮੀ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ 'ਚ ਬੱਚਿਆਂ ਨੂੰ ਮਿਡ-ਡੇਅ-ਮੀਲ ਪਰੋਸਣ ਵਾਲੇ ਸਟਾਫ ਨੇ ਪਹਿਲੀ ਜਮਾਤ 'ਚ ਪੜ੍ਹਨ ਵਾਲੇ ਬੱਚੇ 'ਤੇ ਗੁੱਸੇ 'ਚ ਗਰਮ ਦਾਲ ਸੁੱਟ ਦਿੱਤੀ। ਬੱਚੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਅਜੇ ਉਸ ਦੀ ਸਥਿਤੀ ਸਥਿਰ ਦੱਸੀ ਜਾ ਰਹੀ ਹੈ। ਦਰਅਸਲ ਬੱਚੇ ਨੇ ਮਿਡ-ਡੇਅ-ਮੀਲ ਪਰੋਸ ਰਹੇ ਰਸੋਈਏ ਤੋਂ ਥੋੜ੍ਹਾ ਖਾਣਾ ਹੋਰ ਮੰਗ ਲਿਆ, ਇਸ ਨਾਲ ਉਹ ਭੜਕ ਗਿਆ ਅਤੇ ਬੱਚੇ 'ਤੇ ਗਰਮ ਦਾਲ ਸੁੱਟ ਦਿੱਤੀ। ਇਸ ਮਾਮਲੇ 'ਚ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਰਸੋਈਏ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ।
ਇਹ ਪਹਿਲਾ ਮਾਮਲਾ ਨਹੀਂ ਹੈ, ਜਦੋਂ ਰਾਜ ਦੇ ਸਕੂਲਾਂ 'ਚ ਮਿਡ-ਡੇਅ-ਮੀਲ ਚਰਚਾ 'ਚ ਆਇਆ ਹੈ। ਇਸ ਤੋਂ ਪਹਿਲਾਂ ਇੱਥੇ ਛੱਤਰਪੁਰ ਦੇ ਸੂਰਜਪੁਰਾ ਪਿੰਡ ਸਥਿਤ ਸਰਕਾਰੀ ਸਕੂਲ 'ਚ ਬੱਚਿਆਂ ਨੂੰ ਮਿਡ-ਡੇਅ-ਮੀਲ ਦੇ ਨਾਂ 'ਤੇ ਸਿਰਫ ਸੁੱਕੀ ਰੋਟੀ ਦਿੱਤੀ ਜਾਂਦੀ ਸੀ। ਇੰਨਾ ਹੀ ਨਹੀਂ ਗਰਮੀ ਹੋਵੇ ਜਾਂ ਠੰਡ ਬੱਚਿਆਂ ਨੂੰ ਖੁੱਲ੍ਹੇ 'ਚ ਬਿਠਾ ਕੇ ਪੜ੍ਹਾਇਆ ਜਾਂਦਾ ਸੀ। ਇਸ ਖਬਰ ਦੇ ਮੀਡੀਆ 'ਚ ਆਉਣ ਤੋਂ ਬਾਅਦ ਸਿੱਖਿਆ ਅਧਿਕਾਰੀਆਂ ਨੇ ਸਕੂਲ ਦਾ ਦੌਰਾ ਕੀਤਾ ਸੀ। ਉਦੋਂ ਮੱਧ ਪ੍ਰਦੇਸ਼ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰਚਨਾ ਚਿਟਨਿਸ ਨੇ ਕਿਹਾ ਸੀ ਕਿ ਸਕੂਲ 'ਚ ਹੋਣ ਵਾਲੀਆਂ ਗੜਬੜੀਆਂ 'ਚ ਜਿਨ੍ਹਾਂ ਦਾ ਹੱਥ ਸੀ, ਉਨ੍ਹਾਂ ਨੂੰ ਹਟਾ ਦਿੱਤਾ ਗਿਆ ਹੈ।


Related News