ਬਰਫ ਦੀ ਚਿੱਟੀ ਚਾਦਰ ਨਾਲ ਢਕੀ ਗਈ ਖੂਬਸੂਰਤ ਗੁਰੇਜ਼ ਘਾਟੀ
Monday, Nov 11, 2024 - 09:01 PM (IST)
ਜੰਮੂ/ਸ੍ਰੀਨਗਰ, (ਅਰੁਣ)- ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਵਿਚ ਸਥਿਤ ਖ਼ੂਬਸੂਰਤ ਗੁਰੇਜ਼ ਘਾਟੀ ਸੋਮਵਾਰ ਸਵੇਰੇ ਬਰਫ ਦੀ ਤਾਜ਼ੀ ਚਾਦਰ ਨਾਲ ਢਕ ਗਈ। ਇਸ ਤੋਂ ਇਲਾਵਾ ਕਿਲਸ਼ਾਯ ਟਾਪ, ਤੁਲੈਲ ਸਮੇਤ ਘਾਟੀ ਦੇ ਉੱਪਰੀ ਇਲਾਕਿਆਂ ਅਤੇ ਉਨ੍ਹਾਂ ਦੇ ਨੇੜੇ-ਤੇੜੇ ਦੇ ਖੇਤਰਾਂ ਵਿਚ ਤਾਜ਼ਾ ਬਰਫਬਾਰੀ ਹੋਈ।
ਇਹ ਤਾਜ਼ਾ ਬਰਫਬਾਰੀ ਮੌਸਮ ਵਿਭਾਗ (ਐੱਮ. ਈ. ਟੀ.) ਵੱਲੋਂ ਜਾਰੀ ਮੌਸਮ ਦੀ ਭਵਿੱਖਬਾਣੀ ਮੁਤਾਬਕ ਹੋਈ ਹੈ। ਕਮਜ਼ੋਰ ਪੱਛਮੀ ਗੜਬੜ ਵੱਲੋਂ ਮੌਜੂਦਾ ਸਮੇਂ ਵਿਚ ਜੰਮੂ-ਕਸ਼ਮੀਰ ਨੂੰ ਪ੍ਰਭਾਵਿਤ ਕੀਤੇ ਜਾਣ ਕਾਰਨ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਹਲਕੀ ਬਾਰਿਸ਼ ਅਤੇ ਬਰਫਬਾਰੀ ਹੋ ਰਹੀ ਹੈ, ਜਿਸ ਦਾ ਅਸਰ 12 ਨਵੰਬਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਪੂਰਵ ਅਨੁਮਾਨ ਅਨੁਸਾਰ ਅਗਲੇ 3 ਦਿਨਾਂ ਵਿਚ ਗੁਰੇਜ਼ ਘਾਟੀ ਸਮੇਤ ਕਸ਼ਮੀਰ ਡਿਵੀਜ਼ਨ ਦੇ ਉਪਰਲੇ ਇਲਾਕਿਆਂ ਵਿਚ ਭਾਰੀ ਤੋਂ ਬਹੁਤ ਜ਼ਿਆਦਾ ਬਰਫ਼ਬਾਰੀ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੋਂ ਇਲਾਵਾ 11 ਨਵੰਬਰ ਨੂੰ ਕਸ਼ਮੀਰ ਦੇ ਮੈਦਾਨੀ ਇਲਾਕਿਆਂ ’ਚ ਹਲਕੀ ਬਾਰਿਸ਼ ਹੋ ਸਕਦੀ ਹੈ।
ਬਰਫ਼ਬਾਰੀ ਦੀ ਸੰਭਾਵਨਾ ਵਾਲੇ ਖੇਤਰਾਂ ਵਿਚ ਰਾਜ਼ਦਾਨ ਟਾਪ, ਸਿੰਥਨ ਟਾਪ, ਪੀਰ ਕੀ ਗਲੀ ਅਤੇ ਗੁਲਮਰਗ ਫੇਜ਼-2 ਤੋਂ ਇਲਾਵਾ ਪਹਿਲਗਾਮ ਅਤੇ ਸੋਨਮਰਗ ਦੇ ਉੱਚੇ ਇਲਾਕੇ ਸ਼ਾਮਲ ਹਨ। ਦੂਜੇ ਪਾਸੇ, ਇਹ ਵੀ ਕਹਿਣਾ ਹੈ ਕਿ 15 ਅਤੇ 16 ਨਵੰਬਰ ਨੂੰ ਇੱਕ ਹੋਰ ਕਮਜ਼ੋਰ ਪੱਛਮੀ ਗੜਬੜ ਦੀ ਸੰਭਾਵਨਾ ਦੇ ਮੱਦੇਨਜ਼ਰ ਮੱਧ ਅਤੇ ਉੱਤਰੀ ਕਸ਼ਮੀਰ ਦੇ ਉੱਚੇ ਇਲਾਕਿਆਂ ਵਿੱਚ ਹਲਕੀ ਬਰਫ਼ਬਾਰੀ ਹੋ ਸਕਦੀ ਹੈ।