ਫਲਾਈਟ ''ਚ ਏਅਰ ਹੋਸਟੈੱਸ ਨੂੰ ਕਰ ਰਿਹਾ ਸੀ ਅਸ਼ਲੀਲ ਇਸ਼ਾਰੇ, ਮਾਮਲਾ ਦਰਜ
Tuesday, Jul 18, 2017 - 10:36 AM (IST)

ਮੁੰਬਈ— ਏਅਰ ਹੋਸਟੈੱਸ ਨੂੰ ਅਸ਼ਲੀਲ ਇਸ਼ਾਰਾ ਕਰਨ ਦੇ ਦੋਸ਼ 'ਚ ਪੁਲਸ ਨੇ ਇਕ ਸ਼ਖਸ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਦੋਸ਼ੀ ਦਾ ਨਾਂ ਲਗਨੇਸ਼ ਕੁਮਾਰ ਮਕਵਾਨਾ ਹੈ ਅਤੇ ਉਹ ਸ਼ਹਿਰ ਦੇ ਅੰਧੇਰੀ ਇਲਾਕੇ 'ਚ ਰਹਿੰਦਾ ਹੈ। ਪੁਲਸ ਨੇ ਉਸ ਦੇ ਖਿਲਾਫ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 509 ਦੇ ਅਧੀਨ ਕੇਸ ਦਰਜ ਕੀਤਾ ਹੈ। ਪਿਛਲੇ 3 ਮਹੀਨਿਆਂ ਦੌਰਾਨ ਜਹਾਜ਼ ਯਾਤਰਾ ਦੌਰਾਨ ਔਰਤਾਂ ਦੇ ਯੌਨ ਉਤਪੀੜਨ ਦੀਆਂ 3 ਘਟਨਾਵਾਂ ਸਾਹਮਣੇ ਆਈਆਂ ਹਨ।
ਸ਼ਿਕਾਇਤ ਅਨੁਸਾਰ ਬੈਂਕਾਕ ਤੋਂ ਮੁੰਬਈ ਆ ਰਹੇ ਏਅਰ ਇੰਡੀਆ ਦੇ ਇਕ ਜਹਾਜ਼ 'ਚ ਦੋਸ਼ੀ ਨੇ ਜਹਾਜ਼ ਦੀ ਕਾਰਜਕਰਤਾ ਨਾਲ ਗਲਤ ਵਤੀਰਾ ਕੀਤਾ। ਇਹ ਜਹਾਜ਼ ਸ਼ੁੱਕਰਵਾਰ ਦੇਰ ਰਾਤ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ 'ਤੇ ਉਤਰਿਆ। ਪੀੜਤਾ ਦਾ ਕਹਿਣਾ ਹੈ ਕਿ ਰਾਤ ਕਰੀਬ 10.30 ਵਜੇ ਜਹਾਜ਼ ਦੇ ਕੈਪਟਨ ਨੇ ਸਾਰੇ ਏਅਰਲਾਈਨ ਕਰਮਚਾਰੀਆਂ ਨੂੰ ਕਿਹਾ ਕਿ ਉਹ ਜਹਾਜ਼ 'ਚ ਬੈਠੇ ਯਾਤਰੀਆਂ ਨੂੰ ਆਪਣੀ ਜਗ੍ਹਾ 'ਤੇ ਬੈਠ ਕੇ ਸੀਟ ਬੈਲਟ ਬੰਨ੍ਹਣ ਦਾ ਨਿਰਦੇਸ਼ ਦੇਣ। ਇਸ ਤੋਂ ਬਾਅਦ ਪੀੜਤਾ ਇਹ ਯਕੀਨੀ ਕਰ ਰਹੀ ਸੀ ਕਿ ਯਾਤਰੀਆਂ ਨੇ ਸੀਟ ਬੈਲਡ ਸਹੀ ਤਰ੍ਹਾਂ ਨਾਲ ਬੰਨ੍ਹ ਲਈ ਹੈ। ਦੋਸ਼ ਹੈ ਕਿ ਇਸੇ ਸਮੇਂ ਦੋਸ਼ੀ ਮਕਵਾਨਾ ਆਪਣੀ ਸੀਟ ਤੋਂ ਉੱਠ ਕੇ ਗੰਦੀਆਂ ਆਵਾਜ਼ਾਂ ਕੱਢਣ ਲੱਗਾ। ਪੀੜਤਾ ਨੇ ਉਸ ਨੂੰ ਆਪਣੀ ਜਗ੍ਹਾ 'ਤੇ ਬੈਠਣ ਲਈ ਕਿਹਾ, ਜਿਸ ਦੇ ਜਵਾਬ 'ਚ ਦੋਸ਼ੀ ਨੇ ਉਸ ਵੱਲ ਗਲਤ ਇਸ਼ਾਰੇ ਕੀਤੇ।