114 ਲੜਾਕੂ ਜਹਾਜ਼ ਖਰੀਦੇਗੀ ਹਵਾਈ ਫ਼ੌਜ
Monday, Jun 13, 2022 - 01:24 PM (IST)
ਨਵੀਂ ਦਿੱਲੀ- ਭਾਰਤੀ ਹਵਾਈ ਫ਼ੌਜ 114 ਲੜਾਕੂ ਜਹਾਜ਼ ਖਰੀਦਣ ਦੀ ਯੋਜਨਾ ਬਣਾ ਰਹੀ ਹੈ, ਜਿਨ੍ਹਾਂ ’ਚੋਂ 96 ਭਾਰਤ ’ਚ ਬਣਾਏ ਜਾਣਗੇ ਅਤੇ ਬਾਕੀ 18 ਪ੍ਰਾਜੈਕਟ ਲਈ ਚੁਣੇ ਗਏ ਵਿਦੇਸ਼ੀ ਵਿਕ੍ਰੇਤਾਵਾਂ ਤੋਂ ਦਰਾਮਦ ਕੀਤੇ ਜਾਣਗੇ। ਭਾਰਤੀ ਹਵਾਈ ਫ਼ੌਜ ਦੀ ‘ਬਾਏ ਗਲੋਬਲ ਐਂਡ ਮੇਕ ਇਨ ਇੰਡੀਆ’ ਯੋਜਨਾ ਦੇ ਤਹਿਤ 114 ਮਲਟੀਰੋਲ ਫਾਈਟਰ ਏਅਰਕ੍ਰਾਫਟ ਪ੍ਰਾਪਤ ਕਰਨ ਦੀ ਯੋਜਨਾ ਹੈ, ਜਿਸ ਦੇ ਤਹਿਤ ਭਾਰਤੀ ਕੰਪਨੀਆਂ ਨੂੰ ਵਿਦੇਸ਼ੀ ਵਿਕ੍ਰੇਤਾਵਾਂ ਨਾਲ ਸਾਂਝੇਦਾਰੀ ਕਰਨ ਦੀ ਇਜਾਜ਼ਤ ਮਿਲੇਗੀ। ਸਰਕਾਰੀ ਸੂਤਰਾਂ ਅਨੁਸਾਰ, ਹਾਲ ਹੀ ’ਚ ਭਾਰਤੀ ਹਵਾਈ ਫ਼ੌਜ ਨੇ ਵਿਦੇਸ਼ੀ ਵਿਕ੍ਰੇਤਾਵਾਂ ਨਾਲ ਇਕ ਮੀਟਿੰਗ ਕੀਤੀ ਅਤੇ ਉਨ੍ਹਾਂ ਨਾਲ ਮੇਕ ਇਨ ਇੰਡੀਆ ਪ੍ਰਾਜੈਕਟ ਨੂੰ ਅੰਜਾਮ ਦੇਣ ਦੇ ਤਰੀਕੇ ਬਾਰੇ ਗੱਲਬਾਤ ਹੋਈ ਹੈ।
ਸੂਤਰਾਂ ਨੇ ਦੱਸਿਆ ਕਿ ਯੋਜਨਾ ਅਨੁਸਾਰ, ਸ਼ੁਰੂਆਤੀ 18 ਜਹਾਜ਼ਾਂ ਦੀ ਦਰਾਮਦ ਤੋਂ ਬਾਅਦ, ਅਗਲੇ 36 ਜਹਾਜ਼ ਦੇਸ਼ ਦੇ ’ਚ ਬਣਾਏ ਜਾਣਗੇ ਅਤੇ ਭੁਗਤਾਨ ਅੰਸ਼ਿਕ ਤੌਰ ’ਤੇ ਵਿਦੇਸ਼ੀ ਕਰੰਸੀ ਅਤੇ ਭਾਰਤੀ ਕਰੰਸੀ ’ਚ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਆਖਰੀ 60 ਜਹਾਜ਼ ਭਾਰਤੀ ਹਿੱਸੇਦਾਰ ਦੀ ਮੁੱਖ ਜ਼ਿੰਮੇਵਾਰੀ ਹੋਵੇਗੀ ਅਤੇ ਸਰਕਾਰ ਭਾਰਤੀ ਕਰੰਸੀ ’ਚ ਹੀ ਭੁਗਤਾਨ ਕਰੇਗੀ।