ਹਵਾਈ ਫੌਜ ਨੇ ਕੀਤੀਆਂ 7 ਮਹਾਦੀਪਾਂ ਦੀਆਂ ਚੋਟੀਆਂ ਫਤਿਹ

Thursday, Jan 11, 2018 - 04:58 PM (IST)

ਹਵਾਈ ਫੌਜ ਨੇ ਕੀਤੀਆਂ 7 ਮਹਾਦੀਪਾਂ ਦੀਆਂ ਚੋਟੀਆਂ ਫਤਿਹ

ਨਵੀਂ ਦਿੱਲੀ— ਦੇਸ਼ ਦੀ ਹਵਾਈ ਸਰਹੱਦ ਦੀ ਰੱਖਿਆ ਦੇ ਨਾਲ-ਨਾਲ ਭਾਰਤੀ ਹਵਾਈ ਫੌਜ ਜ਼ੋਖਮ ਭਰੀਆਂ ਮੁਹਿੰਮਾਂ 'ਚ ਵੀ ਦੇਸ਼ ਦਾ ਝੰਡਾ ਲਹਿਰਾ ਰਹੀ ਹੈ ਅਤੇ ਅਜਿਹੀ ਹੀ ਇਕ ਪਰਬਤਰੋਹਨ ਮੁਹਿੰਮ 'ਚ ਉਸ ਨੇ 7 ਮਹਾਦੀਪਾਂ ਦੀ ਸਭ ਤੋਂ ਉੱਚੀਆਂ ਚੋਟੀਆਂ ਨੂੰ ਫਤਿਹ ਕਰ ਕੇ ਆਪਣਾ ਅਤੇ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਗਰੁੱਪ ਕੈਪਟਨ ਆਰ.ਸੀ. ਤ੍ਰਿਪਾਠੀ ਦੀ ਅਗਵਾਈ 'ਚ ਏਅਰ ਫੋਰਸ ਦੇ ਪਰਬਤਰੋਹੀ ਦਲ ਨੇ ਪਿਛਲੇ ਮਹੀਨੇ ਅੰਟਾਰਕਟਿਕਾ ਦੀ ਸਭ ਤੋਂ ਉੱਚੀ ਅਤੇ ਦੁਨੀਆ ਦੀ ਸਭ ਤੋਂ ਤੰਗ ਮੰਨੀ ਜਾਣ ਵਾਲੀ ਚੋਟੀ ਮਾਊਂਟ ਵਿਨਸਟਨ 'ਤੇ ਫਤਿਹ ਹਾਸਲ ਕੀਤੀ। ਇਸ ਦੇ ਨਾਲ ਹੀ ਹਵਾਈ ਫੌਜ ਸਾਰੇ 7 ਮਹਾਦੀਪਾਂ ਨੂੰ ਫਤਿਹ ਕਰਨ ਵਾਲੀ ਪਹਿਲੀ ਫੌਜ ਬਣ ਗਈ ਹੈ। ਮਾਊਂਟ ਵਿਨਸਟਨ ਦੀ ਉੱਚਾਈ 16 ਹਜ਼ਾਰ 50 ਫੁੱਟ ਹੈ। ਏਅਰ ਫੋਰਸ ਮੁਖੀ ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੇ ਇਸ ਚੋਟੀ 'ਤੇ ਜਿੱਤ ਹਾਸਲ ਕਰ ਕੇ ਵਾਪਸ ਆਈ ਏਅਰ ਫੋਰਸ ਦੀ ਟੀਮ ਦਾ ਅੱਜ ਯਾਨੀ ਵੀਰਵਾਰ ਨੂੰ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ,''ਮਾਊਂਟ ਵਿਨਸਟਨ 'ਤੇ ਭਾਰਤੀ ਤਿਰੰਗਾ ਅਤੇ ਹਵਾਈ ਫੌਜ ਦਾ ਝੰਡਾ ਲਹਿਰਾਉਣ ਵਾਲੇ ਹਵਾਈ ਯੋਧਿਆਂ 'ਤੇ ਸਾਨੂੰ ਮਾਣ ਹੈ। ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਦੀ ਇਹ ਕੋਸ਼ਿਸ਼ ਹੋਰ ਯੋਧਿਆਂ ਨੂੰ ਵੀ ਇਸ ਤਰ੍ਹਾਂ ਦੀ ਅਤੇ ਇਸ ਤੋਂ ਵੱਡੀਆਂ ਉਪਲੱਬਧੀਆਂ ਲਈ ਪ੍ਰੇਰਿਤ ਕਰੇਗੀ। ਇਸ ਮੁਹਿੰਮ ਨੇ ਭਾਰਤ ਅਤੇ ਹਵਾਈ ਫੌਜ ਲਈ ਇਤਿਹਾਸਕ ਸਫ਼ਲਤਾ ਕਮਾਈ ਹੈ।
ਗਰੁੱਪ ਕੈਪਟਨ ਤ੍ਰਿਪਾਠੀ ਨੇ ਆਪਣਾ ਅਨੁਭਵ ਦੱਸਦੇ ਹੋਏ ਕਿਹਾ ਕਿ ਅੰਟਾਰਕਟਿਕਾ ਸਾਡੇ ਲਈ ਨਵਾਂ ਸੀ ਤਾਂ ਸਾਡੇ ਮਨ 'ਚ ਕੁਝ ਸ਼ੱਕ ਸੀ ਪਰ ਅਸੀਂ ਪੂਰੀ ਤਰ੍ਹਾਂ ਤਿਆਰ ਅਤੇ ਵਿਸ਼ਵਾਸ ਨਾਲ ਭਰੇ ਹੋਏ ਸੀ। ਉੱਥੇ ਮੌਸਮ ਬਹੁਤ ਠੰਡਾ ਸੀ ਅਤੇ 40 ਤੋਂ ਲੈ ਕੇ 100 ਕਿਲੋਮੀਟਰ ਦੀ ਰਫਤਾਰ ਨਾਲ ਠੰਡੀ ਹਵਾ ਚੱਲ ਰਹੀ ਸੀ। ਸਾਨੂੰ ਆਪਣੀ ਮੁਹਿੰਮ ਥੋੜ੍ਹੀ ਛੋਟੀ ਕਰਨੀ ਪਈ। ਏਅਰ ਫੋਰਸ ਦੇ ਇਹ ਜਾਂਬਾਜ਼ ਅਫ਼ਸਰ 6 ਹੋਰ ਮਹਾਦੀਪਾਂ ਦੀਆਂ ਸਭ ਤੋਂ ਉੱਚੀਆਂ ਚੋਟੀਆਂ 'ਤੇ ਵੀ ਭਾਰਤ ਅਤੇ ਹਵਾਈ ਫੌਜ ਦਾ ਝੰਡਾ ਲਹਿਰਾ ਚੁਕੇ ਹਨ। ਉਨ੍ਹਾਂ ਨੇ ਕਿਹਾ ਕਿ 7 ਚੋਟੀਆਂ 'ਤੇ ਆਪਣੀ ਫਤਿਹ ਨੂੰ ਅਸੀਂ ਆਪਣੇ ਸਹਿਯੋਗੀ ਸਕਵੈਡਰਨ ਲੀਡਰ ਐੱਸ.ਐੱਸ. ਚੈਤਨਯ ਅਤੇ ਸਾਰਜੇਂਟ ਨੂੰ ਸਮਰਪਿਤ ਕਰਨਾ ਚਾਹਾਂਗੇ, ਜਿਨ੍ਹਾਂ ਦੀ ਮੌਤ ਹੋ ਗਈ। ਇਸ ਟੀਮ ਨੇ 13 ਦਸੰਬਰ ਨੂੰ ਮੁਹਿੰਮ 'ਤੇ ਰਵਾਨਾ ਹੋਣ ਤੋਂ ਪਹਿਲਾਂ 24 ਨਵੰਬਰ ਤੋਂ 3 ਦਸੰਬਰ ਤੱਕ ਲੇਹ ਅਤੇ ਸਿਆਚੀਨ 'ਚ ਅਭਿਆਸ ਕੀਤਾ ਸੀ।


Related News