‘ਇੰਡੀਆ’ ਗੱਠਜੋੜ ਨੂੰ ਦਲਿਤ ਨੇਤਾ ਦੀ ਤਲਾਸ਼
Friday, Sep 22, 2023 - 01:16 PM (IST)

ਨਵੀਂ ਦਿੱਲੀ- 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਟੱਕਰ ਦੇਣ ਲਈ ‘ਇੰਡੀਆ’ ਗੱਠਜੋੜ ਨੇ 28 ਪਾਰਟੀਆਂ ਨੂੰ ਆਪਸ ’ਚ ਜੋੜ ਲਿਆ ਹੈ। ਇਸ ’ਚ ਨਿਤੀਸ਼ ਕੁਮਾਰ, ਲਾਲੂ ਪ੍ਰਸਾਦ ਯਾਦਵ, ਅਖਿਲੇਸ਼ ਯਾਦਵ, ਮਮਤਾ ਬੈਨਰਜੀ, ਐੱਮ. ਕੇ. ਸਟਾਲਿਨ, ਅਰਵਿੰਦ ਕੇਜਰੀਵਾਲ, ਸ਼ਰਦ ਪਵਾਰ ਅਤੇ ਹੋਰ ਪ੍ਰਮੁੱਖ ਨੇਤਾ ਸ਼ਾਮਲ ਹਨ ਪਰ ਗੱਠਜੋੜ ਨੂੰ ਇਕ ਯੋਗ ਦਲਿਤ ਨੇਤਾ ਦੀ ਤਲਾਸ਼ ਹੈ। ਕਿਉਂਕਿ ਬਸਪਾ ਦੀ ਮਾਇਆਵਤੀ ਨੂੰ ਇੰਡੀਆ ਗੱਠਜੋੜ ਤੋਂ ਬਾਹਰ ਰੱਖਿਆ ਗਿਆ ਹੈ, ਇਸ ਲਈ ਗੱਠਜੋੜ ਇਕ ਅਜਿਹੇ ਦਲਿਤ ਨੇਤਾ ਦੀ ਤਲਾਸ਼ ਕਰ ਰਿਹਾ ਹੈ, ਜੋ ਯੂ. ਪੀ. ਤੇ ਕੁਝ ਹੋਰ ਸੂਬਿਆਂ ’ਚ ਵੋਟਰਾਂ ਨੂੰ ਪ੍ਰਭਾਵਿਤ ਕਰ ਸਕੇ।
ਅਖਿਲੇਸ਼ ਯਾਦਵ ਨਾਲੋਂ ਜ਼ਿਆਦਾ ਕਾਂਗਰਸ ਪਾਰਟੀ ਹੀ ਉਨ੍ਹਾਂ ਦਲਿਤ ਵੋਟਰਾਂ ਨੂੰ ਆਪਣੇ ਪਾਲੇ ’ਚ ਲਿਆਉਣ ਦੀ ਚਾਹਵਾਨ ਹੈ, ਜੋ 30 ਸਾਲ ਪਹਿਲਾਂ ਬਸਪਾ ’ਚ ਚਲੇ ਗਏ ਸਨ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਪਾਰਟੀ ਦੇ ਦਲਿਤ ਚਿਹਰੇ ਦੇ ਰੂਪ ’ਚ ਪੇਸ਼ ਕਰਨ ਅਤੇ ਉਨ੍ਹਾਂ ਨੂੰ ਯੂ. ਪੀ. ’ਚ ਲੋਕ ਸਭਾ ਸੀਟ ਤੋਂ ਮੈਦਾਨ ’ਚ ਉਤਾਰਨ ਦੀ ਤਿਆਰੀ ਹੈ। ਹਾਲਾਂਕਿ ਖੜਗੇ ਨੂੰ ਉੱਤਰ ਭਾਰਤ ’ਚ ਪਾਰਟੀ ਦੇ ਦਲਿਤ ਚਿਹਰੇ ਵਜੋਂ ਪੇਸ਼ ਕੀਤੇ ਜਾਣ ਨੂੰ ਲੈ ਕੇ ਕੁਝ ਮੁੱਦੇ ਹਨ ਪਰ ਕਾਂਗਰਸ ਕੋਲ ਕੋਈ ਬਦਲ ਨਹੀਂ ਹੈ, ਕਿਉਂਕਿ ਇਸ ਦਾ ਇਕ ਹੋਰ ਦਲਿਤ ਚਿਹਰਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੌਕਾ ਮਿਲਣ ’ਤੇ ਜ਼ਿਆਦਾ ਕੁਝ ਨਹੀਂ ਕਰ ਸਕੇ।
ਬਸਪਾ ਮੁਖੀ ਮਾਇਆਵਤੀ ਦਾ ਕ੍ਰਿਸ਼ਮਾ ਘੱਟ ਹੋਣ ਤੋਂ ਬਾਅਦ ਕਾਂਗਰਸ ਇਸ ਕਮੀ ਨੂੰ ਪੂਰਾ ਕਰਨ ’ਤੇ ਧਿਆਨ ਦੇ ਰਹੀ ਹੈ। ਖੜਗੇ ਕਰਨਾਟਕ ਅਤੇ ਯੂ. ਪੀ. ਦੋਵਾਂ ਥਾਵਾਂ ਤੋਂ ਚੋਣ ਲੜ ਸਕਦੇ ਹਨ। ਇਸ ਸਬੰਧ ’ਚ ਸਪਾ ਅਤੇ ਹੋਰ ਪਾਰਟੀਆਂ ਨਾਲ ਵੀ ਗੱਲਬਾਤ ਚੱਲ ਰਹੀ ਹੈ, ਕਿਉਂਕਿ ਕਾਂਗਰਸ ਖੜਗੇ ਨੂੰ ਇਟਾਵਾ ਤੋਂ ਮੈਦਾਨ ’ਚ ਉਤਾਰਨ ’ਤੇ ਵਿਚਾਰ ਕਰ ਰਹੀ ਹੈ। ਇਸ ਨਾਲ ਆਸਪਾਸ ਦੀਆਂ ਸੀਟਾਂ ’ਤੇ ਸਪਾ ਉਮੀਦਵਾਰਾਂ ਨੂੰ ਵੀ ਮਦਦ ਮਿਲ ਸਕਦੀ ਹੈ। ਸੰਭਾਵਨਾ ਹੈ ਕਿ ਰਾਹੁਲ ਗਾਂਧੀ ਜਾਂ ਪ੍ਰਿਯੰਕਾ ਅਮੇਠੀ ਸੀਟ ਤੋਂ ਚੋਣ ਲੜ ਸਕਦੇ ਹਨ।