ਥਾਈਲੈਂਡ 'ਚ ਭਾਰਤੀ ਨੂੰ ਬਣਾਇਆ 'ਬੰਧਕ', ਰਿਹਾਈ ਲਈ ਕੰਪਨੀ ਮੰਗ ਰਹੀ 3 ਹਜ਼ਾਰ ਡਾਲਰ, ਜਾਣੋ ਪੂਰਾ ਮਾਮਲਾ

Thursday, Oct 13, 2022 - 02:41 PM (IST)

ਥਾਈਲੈਂਡ 'ਚ ਭਾਰਤੀ ਨੂੰ ਬਣਾਇਆ 'ਬੰਧਕ', ਰਿਹਾਈ ਲਈ ਕੰਪਨੀ ਮੰਗ ਰਹੀ 3 ਹਜ਼ਾਰ ਡਾਲਰ, ਜਾਣੋ ਪੂਰਾ ਮਾਮਲਾ

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਸ਼ਹਿਰ ਦੇ ਇਕ ਵਿਅਕਤੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਛੋਟੇ ਭਰਾ ਨੂੰ ਉਸ ਦੀ ਮਾਲਕ ਕੰਪਨੀ ਨੇ ਪਿਛਲੇ ਇਕ ਮਹੀਨੇ ਤੋਂ ਥਾਈਲੈਂਡ 'ਚ ਬੰਦੀ ਬਣਾ ਕੇ ਰੱਖਿਆ ਹੈ ਅਤੇ ਉਸ ਨੂੰ ਰਿਹਾਅ ਕਰਨ ਲਈ 3,000 ਡਾਲਰ ਦੀ ਮੰਗ ਕਰ ਰਹੀ ਹੈ। ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤ ਅਸ਼ੀਸ਼ ਦੁਬੇ (31) ਵੀ ਠਾਣੇ ਦਾ ਰਹਿਣ ਵਾਲਾ ਹੈ ਅਤੇ 12 ਸਤੰਬਰ ਨੂੰ ਥਾਈਲੈਂਡ ਗਿਆ ਸੀ। ਆਸ਼ੀਸ਼ ਦੇ ਭਰਾ ਨੇ ਦੱਸਿਆ ਕਿ ਜਦੋਂ ਤੋਂ ਉਹ ਥਾਈਲੈਂਡ ਗਿਆ ਹੈ ਕੰਪਨੀ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਸ ਨੇ ਦੋਸ਼ ਲਾਇਆ ਕਿ ਕੰਪਨੀ ਇਕ ਤੈਅ ਟੀਚੇ ਨੂੰ ਪੂਰਾ ਕਰਨ ਲਈ ਪੀੜਤ ਨੂੰ ਲੋਕਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਕ੍ਰਿਪਟੋਕਰੰਸੀ ਖਰੀਦਣ ਲਈ ਰਾਜੀ ਕਰਨ ਨੂੰ ਮਜ਼ਬੂਰ ਕਰ ਰਹੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਦੇ ਭਰਾ ਨੂੰ ਉਸ ਦੇ ਪਰਿਵਾਰ ਨਾਲ ਸੰਪਰਕ ਨਹੀਂ ਕਰਨ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਮੀਰ ਬਣਨ ਲਈ ਡਾਕਟਰ ਜੋੜੇ ਨੇ ਦਿੱਤੀ 2 ਔਰਤਾਂ ਦੀ ਬਲੀ, ਜਾਣੋ ਪੂਰਾ ਮਾਮਲਾ

ਅਧਿਕਾਰੀ ਨੇ ਦੱਸਿਆ ਕਿ ਪੀੜਤ ਦੇ ਵੱਡੇ ਭਰਾ ਦੀ ਸ਼ਿਕਾਇਤ ਦੇ ਆਧਾਰ 'ਤੇ ਸ਼ਹਿਰ ਦੇ ਵਾਗਲੇ ਅਸਟੇਟ ਸੈਕਸ਼ਨ ਦੇ ਸ਼੍ਰੀਨਗਰ ਥਾਣੇ 'ਚ ਇਕ ਥਾਈ ਨਾਗਰਿਕ ਖ਼ਿਲਾਫ਼ ਧੋਖਾਧੜੀ ਅਤੇ ਜ਼ਬਰੀ ਵਸੂਲੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਇਹ ਮੁੱਦਾ ਵਿਦੇਸ਼ ਮੰਤਰਾਲਾ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਫ਼ਤਰ (ਸੀ.ਐੱਮ.ਓ.) ਕੋਲ ਵੀ ਉਠਾਇਆ ਹੈ। ਸ਼ਿਕਾਇਤਕਰਤਾ ਠਾਣੇ 'ਚ ਇਕ ਵਿਅਕਤੀ ਦੇ ਸੰਪਰਕ 'ਚ ਆਇਆ ਸੀ, ਜਿਸ ਨੇ ਉਸ ਨੂੰ ਥਾਈਲੈਂਡ 'ਚ ਨੌਕਰੀ ਦੇ ਕੁਝ ਮੌਕਿਆਂ ਬਾਰੇ ਦੱਸਿਆ ਸੀ। ਪੁਲਸ ਨੇ ਸ਼ਿਕਾਇਤ ਦੇ ਹਵਾਲੇ ਨਾਲ ਕਿਹਾ,“ਸ਼ਿਕਾਇਤਕਰਤਾ ਆਪਣੇ ਭਰਾ ਲਈ ਨੌਕਰੀ ਲੱਭ ਰਿਹਾ ਸੀ। ਉਸ ਨੇ ਵਿਅਕਤੀ ਤੋਂ ਇਸ ਸਬੰਧ ਵਿਚ ਹੋਰ ਜਾਣਕਾਰੀ ਲਈ, ਜਿਸ ਨੇ ਦੱਸਿਆ ਕਿ ਥਾਈਲੈਂਡ ਦੀ ਇਕ ਕੰਪਨੀ ਵਿਚ ਨੌਕਰੀ ਉਪਲਬਧ ਹੈ ਅਤੇ ਉਸ ਨੂੰ ਪ੍ਰਤੀ ਮਹੀਨਾ 1,000 ਅਮਰੀਕੀ ਡਾਲਰ ਦੀ ਤਨਖਾਹ ਮਿਲੇਗੀ। ਸ਼ਿਕਾਇਤ ਦੇ ਅਨੁਸਾਰ,“ਪੀੜਤ ਦਾ ਇੰਟਰਵਿਊ ਲਿਆ ਗਿਆ ਅਤੇ ਬਾਅਦ 'ਚ ਕੰਪਨੀ ਵਲੋਂ ਡਿਜੀਟਲ ਮਾਰਕੀਟਿੰਗ ਦੀ ਨੌਕਰੀ ਲਈ ਚੁਣਿਆ ਗਿਆ। ਕੰਪਨੀ ਨੇ ਪੀੜਤ ਨੂੰ ਵੀਜ਼ਾ ਅਤੇ ਹਵਾਈ ਯਾਤਰਾ ਦੀ ਟਿਕਟ ਭੇਜੀ। ਆਸ਼ੀਸ਼ ਨੂੰ ਮੁੰਬਈ ਦੇ ਇਕ ਵਿਅਕਤੀ ਅਤੇ ਚੀਨ ਦੇ ਇਕ ਹੋਰ ਵਿਅਕਤੀ ਨਾਲ ਨੌਕਰੀ ਮਿਲੀ ਹੈ।''

ਇਹ ਵੀ ਪੜ੍ਹੋ : ਹਿਜਾਬ ਪਾਬੰਦੀ 'ਤੇ ਸੁਪਰੀਮ ਕੋਰਟ ਦੇ ਜੱਜਾਂ 'ਚ ਮਤਭੇਦ, ਵੱਡੀ ਬੈਂਚ ਕਰੇਗੀ ਫ਼ੈਸਲਾ

ਪੁਲਿਸ ਅਧਿਕਾਰੀ ਨੇ ਸ਼ਿਕਾਇਤ ਦੇ ਹਵਾਲੇ ਨਾਲ ਕਿਹਾ,''ਆਸ਼ੀਸ਼ ਨੇ 12 ਸਤੰਬਰ ਨੂੰ ਥਾਈਲੈਂਡ ਲਈ ਉਡਾਣ ਭਰੀ ਅਤੇ ਮੁੰਬਈ ਦੇ ਵਿਅਕਤੀ ਨਾਲ ਉੱਥੇ ਪਹੁੰਚਣ ਤੋਂ ਬਾਅਦ ਉਸ ਨੂੰ ਕਿਸੇ ਅਣਦੱਸੀ ਥਾਂ 'ਤੇ ਲਿਜਾਇਆ ਗਿਆ।" ਦੋਹਾਂ ਨੂੰ ਵਾਅਦੇ ਮੁਤਾਬਕ ਡਿਜੀਟਲ ਮਾਰਕੀਟਿੰਗ ਦਾ ਕੰਮ ਵੀ ਨਹੀਂ ਦਿੱਤਾ ਗਿਆ।'' ਸ਼ਿਕਾਇਤ ਦੇ ਮੁਤਾਬਕ,''ਆਸ਼ੀਸ਼ ਨੂੰ ਇਕ ਕੰਪਨੀ ਨੇ ਨੌਕਰੀ 'ਤੇ ਰੱਖਿਆ ਸੀ ਜੋ ਫਰਜ਼ੀ ਕਾਲ ਸੈਂਟਰ ਚਲਾਉਂਦੀ ਸੀ। ਉੱਥੇ ਪੀੜਤ ਨੂੰ ਔਰਤਾਂ ਦੇ ਨਾਂ 'ਤੇ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਲਈ ਕਿਹਾ ਗਿਆ। ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਕੰਪਨੀ ਨੇ ਪੀੜਤ ਨੂੰ ਲੋਕਾਂ ਨੂੰ ਕ੍ਰਿਪਟੋਕਰੰਸੀ ਖਰੀਦਣ ਲਈ ਮਨਾਉਣ ਅਤੇ ਫਰਜ਼ੀ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਵਰਤੋਂ ਕਰਕੇ ਧੋਖਾ ਦੇਣ ਲਈ ਵੀ ਕਿਹਾ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਹੈ ਕਿ ਪੀੜਤ ਨੂੰ ਕੰਪਨੀ ਵੱਲੋਂ ਦਿੱਤੇ ਟੀਚੇ ਪੂਰੇ ਕਰਨ ਲਈ ਮਾਨਸਿਕ ਅਤੇ ਸਰੀਰਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਪੁਲਸ ਅਧਿਕਾਰੀ ਨੇ ਸ਼ਿਕਾਇਤ ਦੇ ਹਵਾਲੇ ਨਾਲ ਕਿਹਾ ਕਿ ਕੰਪਨੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਪੀੜਤ ਨੂੰ ਉਸ ਦੇ ਪਰਿਵਾਰ ਨਾਲ ਸੰਪਰਕ ਨਹੀਂ ਕਰਨ ਦਿੱਤਾ ਅਤੇ ਕੰਪਨੀ 'ਚ ਹੀ ਉਸ ਨੂੰ ਬੰਧਕ ਬਣਾ ਲਿਆ। ਅਧਿਕਾਰੀ ਦੇ ਅਨੁਸਾਰ, ਪੀੜਤ ਕਿਸੇ ਤਰ੍ਹਾਂ ਇਕ ਵਾਰ ਪਰਿਵਾਰ ਦੇ ਮੈਂਬਰਾਂ ਨਾਲ ਸੰਪਰਕ ਕਰਨ 'ਚ ਕਾਮਯਾਬ ਰਿਹਾ ਅਤੇ ਉਨ੍ਹਾਂ ਨੂੰ ਆਪਣੀ ਤਕਲੀਫ਼ ਦੱਸੀ। ਉਨ੍ਹਾਂ ਦੱਸਿਆ ਕਿ ਦੋਸ਼ੀ ਕੰਪਨੀ ਨੇ ਪੀੜਤ ਨੂੰ ਆਜ਼ਾਦ ਕਰਨ ਦੇ ਬਦਲੇ 3,000 ਅਮਰੀਕੀ ਡਾਲਰ ਦੀ ਮੰਗ ਕੀਤੀ ਸੀ। ਪੁਲਸ ਨੇ ਸ਼ਿਕਾਇਤ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News