ਥਾਈਲੈਂਡ 'ਚ ਬੋਲੇ ਮੋਦੀ, ਕਿਹਾ-'ਆਸੀਆਨ ਸਾਡੀ ਨੀਤੀ ਦਾ ਵਿਲੱਖਣ ਅੰਗ ਰਹੇਗਾ'

11/03/2019 1:20:15 PM

ਬੈਂਕਾਕ/ਨਵੀਂ ਦਿੱਲੀ (ਬਿਊਰੋ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਬੈਂਕਾਕ ਵਿਚ ਆਯੋਜਿਤ 16ਵੇਂ ਆਸੀਆਨ-ਭਾਰਤ ਸਿਖਰ ਸੰਮੇਲਨ ਵਿਚ ਸ਼ਾਮਲ ਹੋਏ। ਇੱਥੇ ਮੋਦੀ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤ-ਆਸੀਆਨ ਦੇਸਾਂ ਦੇ ਸਹਿਯੋਗ ਦਾ ਸਵਾਗਤ ਕੀਤਾ। ਆਪਣੇ ਸੰਬੋਧਨ ਵਿਚ ਮੋਦੀ ਨੇ ਕਿਹਾ,''ਆਸੀਆਨ ਸਾਡੀ ਐਕਟ ਈਸਟ ਪਾਲਿਸੀ ਦਾ ਵਿਲੱਖਣ ਅੰਗ ਹੈ ਅਤੇ ਹਮੇਸ਼ਾ ਰਹੇਗਾ। ਇਕ ਏਕੀਕ੍ਰਿਤ ਅਤੇ ਪ੍ਰਗਤੀਸ਼ੀਲ ਆਸੀਆਨ ਭਾਰਤ ਦਾ ਪੱਖ ਲਵੇਗਾ।'' ਉਨ੍ਹਾਂ ਨੇ ਕਿਹਾ ਕਿ ਅਸੀਂ ਸਮੁੰਦਰੀ ਸੁਰੱਖਿਆ, ਸਮੁੰਦਰੀ ਸਰੋਤਾਂ ਨਾਲ ਜੁੜੀ ਅਰਥਵਿਵਸਥਾ ਅਤੇ ਇਸ ਤਰ੍ਹਾਂ ਦੇ ਕਈ ਹੋਰ ਮੁੱਦਿਆਂ 'ਤੇ ਮਨੁੱਖੀ ਸਹਿਯੋਗ 'ਤੇ ਆਪਣੀ ਹਿੱਸੇਦਾਰੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਾਂ। ਇਸ ਦੇ ਨਾਲ ਹੀ ਆਸੀਆਨ ਦੇਸ਼ਾਂ ਦੇ ਭੌਤਿਕ ਅਤੇ ਡਿਜੀਟਲ ਸੰਪਰਕ ਲਈ ਇਕ ਬਿਲੀਅਨ ਡਾਲਰ ਦੀ ਭਾਰਤੀ ਲਾਈਨ ਆਫ ਕ੍ਰੈਡਿਟ ਉਪਯੋਗੀ ਹੋਵੇਗੀ। ਸਾਡਾ ਇਰਾਦਾ ਅਧਿਐਨ, ਖੋਜ ਅਤੇ ਟੂਰਿਜ਼ਮ ਨੂੰ ਵਧਾਵਾ ਦੇਣ ਦਾ ਹੈ।

 

ਆਸੀਆਨ ਸੰਮੇਲਨ ਤੋਂ ਪਹਿਲਾਂ ਪੀ.ਐੱਮ. ਮੋਦੀ ਐਤਵਾਰ ਨੂੰ ਬੈਂਕਾਕ ਵਿਚ ਆਯੋਜਿਤ ਆਦਿਤਯ ਬਿਰਲਾ ਗਰੁੱਪ ਦੇ ਗੋਲਡਨ ਜੁਬਲੀ ਸਮਾਰੋਹ ਵਿਚ ਸ਼ਾਮਲ ਹੋਏ। ਇੱਥੇ ਉਨ੍ਹਾਂ ਨੇ ਥਾਈਲੈਂਡ ਦੇ ਨਾਗਰਿਕਾਂ ਨੂੰ ਭਾਰਤ ਆ ਕੇ ਨਿਵੇਸ਼ ਅਤੇ ਵਪਾਰ ਕਰਨ ਦਾ ਸੱਦਾ ਦਿੱਤਾ। ਮੋਦੀ ਨੇ ਇਹ ਵੀ ਕਿਹਾ,''ਭਾਰਤ ਹੁਣ 5 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣਨ ਦਾ  ਸੁਪਨਾ ਦੇਖ ਰਿਹਾ ਹੈ। ਅਸੀਂ 5 ਸਾਲਾਂ ਵਿਚ ਇਸ ਨੂੰ ਲੱਗਭਗ 3 ਟ੍ਰਿਲੀਅਨ ਅਮਰੀਕੀ ਡਾਲਰ ਵਧਾ ਦਿੱਤਾ ਹੈ। ਇਹ ਮੈਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਪੰਜ ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਦਾ ਸੁਪਨਾ ਜਲਦੀ ਹੀ ਪੂਰਾ ਹੋਵੇਗਾ।''

ਪੀ.ਐੱਮ. ਮੋਦੀ ਨੇ ਇੱਥੇ ਕਿਹਾ,''ਇਹ ਭਾਰਤ ਆਉਣ ਦਾ ਸਭ ਤੋਂ ਚੰਗਾ ਸਮਾਂ ਹੈ। ਕਈ ਚੀਜ਼ਾਂ ਵੱਧ ਰਹੀਆਂ ਹਨ। ਜਦਕਿ ਕਈ ਹੋਰ ਚੀਜ਼ਾਂ ਵਿਚ ਕਮੀ ਆ ਰਹੀ ਹੈ। ਵਪਾਰ ਕਰਨ ਵਿਚ ਆਸਾਨੀ, ਜ਼ਿੰਦਗੀ ਜਿਉਣ ਵਿਚ ਆਸਾਨੀ, ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.), ਜੰਗਲੀ ਖੇਤਰ, ਪੇਟੇਂਟ, ਉਤਪਾਦਨ, ਬੁਨਿਆਦੀ ਢਾਂਚਾ ਵੱਧ ਰਿਹਾ ਹੈ ਜਦਕਿ ਟੈਕਸ, ਟੈਕਸ ਦੀਆਂ ਦਰਾਂ, ਲਾਲਫੀਤਾਸ਼ਾਹੀ ਅਤੇ ਭ੍ਰਿਸ਼ਟਾਚਾਰ ਵਿਚ ਕਮੀ ਆ ਰਹੀ ਹੈ।'' ਮੋਦੀ ਨੇ ਅੱਗੇ ਕਿਹਾ ਕਿ ਭਾਰਤ ਨੇ ਪਿਛਲੇ 5 ਸਾਲਾਂ ਵਿਚ ਵਿਭਿੰਨ ਖੇਤਰਾਂ ਵਿਚ ਸਫਲਤਾ ਦੀਆਂ ਕਈ ਕਹਾਣੀਆਂ ਦੇਖੀਆਂ ਹਨ। ਇਸ ਦਾ ਕਾਰਨ ਸਿਰਫ ਉੱਥੋਂ ਦੀਆਂ ਸਰਕਾਰ ਹੀ ਨਹੀਂ ਹਨ। ਭਾਰਤ ਨੇ ਸਧਾਰਨ ਨੌਕਰਸ਼ਾਹੀ ਦੇ ਤਰੀਕੇ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਾਲਾਂ ਤੱਕ ਗਰੀਬਾਂ 'ਤੇ ਜਿਹੜੀ ਰਾਸ਼ੀ ਖਰਚ ਕੀਤੀ ਗਈ ਉਹ ਅਸਲ ਵਿਚ ਉਨ੍ਹਾਂ ਤੱਕ ਪਹੁੰਚੀ ਹੀ ਨਹੀਂ। ਸਾਡੀ ਸਰਕਾਰ ਨੇ ਸਿੱਧੇ ਲਾਭ ਟਰਾਂਸਫਰ (ਡੀ.ਬੀ.ਟੀ.) ਜ਼ਰੀਏ ਇਸ ਸੱਭਿਆਚਾਰ ਨੂੰ ਖਤਮ ਕੀਤਾ ਹੈ। Direct benefit transfer ਲਾਭ ਨੂੰ ਸਿੱਧਾ ਲੋੜਵੰਦਾਂ ਤੱਕ ਪਹੁੰਚਾਉਣ ਲਈ ਹੈ। 

PunjabKesari

ਇਕ ਹੋਰ ਖੇਤਰ ਜਿਸ ਵਿਚ ਅਸੀਂ ਮਹੱਤਵਪੂਰਨ ਕੰਮ ਕੀਤਾ ਹੈ ਉਹ ਹੈ ਟੈਕਸ। ਮੈਨੂੰ ਖੁਸ਼ੀ ਹੈ ਕਿ ਭਾਰਤ ਲੋਕਾਂ ਲਈ ਸਭ ਤੋਂ ਅਨੁਕੂਲ ਟੈਕਸ ਵਿਵਸਥਾਵਾਂ ਕਰਨ ਵਾਲਾ ਦੇਸ਼ ਹੈ। ਅਸੀਂ ਇਸ ਨੂੰ  ਹੋਰ ਵੀ ਬਿਹਤਰ ਬਣਾਉਣ ਲਈ ਵਚਨਬੱਧ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਹੁਣ ਤੱਕ ਜੋ ਕੁਝ ਕਿਹਾ ਹੈ ਉਹ ਸਭ ਭਾਰਤ ਨੂੰ ਨਿਵੇਸ਼ ਲਈ ਦੁਨੀਆ ਦੀ ਸਭ ਤੋਂ ਆਕਰਸ਼ਕ ਅਰਥਵਿਵਸਥਾਵਾਂ ਵਿਚੋਂ ਇਕ ਬਣਾਉਂਦਾ ਹੈ।

 

ਪੀ.ਐੱਮ. ਮੋਦੀ ਨੇ ਕਿਹਾ ਕਿ ਜਦੋਂ ਭਾਰਤ ਅੱਗੇ ਵੱਧਦਾ ਹੈ ਤਾਂ ਦੁਨੀਆ ਅੱਗੇ ਵੱਧਦੀ ਹੈ। ਭਾਰਤ ਦੇ ਵਿਕਾਸ ਲਈ ਸਾਡੀ ਸੋਚ ਇਸ ਧਰਤੀ ਨੂੰ ਇਕ ਬਿਹਤਰ ਗ੍ਰਹਿ ਬਣਾਉਣ ਜਿਹੀ ਹੈ। ਇਸੇ ਜਜ਼ਬੇ ਦੇ ਨਾਲ ਅਸੀਂ ਆਪਣੀਆਂ ਨੀਤੀਆਂ ਜ਼ਰੀਏ ਆਪਸੀ ਸੰਪਰਕ ਵਧਾਉਣ 'ਤੇ ਵਿਸ਼ੇਸ਼ ਧਿਆਨ ਦੇ ਰਹੇ ਹਾਂ। ਥਾਈਲੈਂਡ ਦੇ ਪੱਛਮੀ ਤੱਟ 'ਤੇ ਬੰਦਰਗਾਹਾਂ ਅਤੇ ਭਾਰਤ ਦੇ ਪੂਰਬੀ ਤੱਟ 'ਤੇ ਬੰਦਰਗਾਹਾਂ ਦੇ ਵਿਚ ਸਿੱਧੇ ਸੰਪਰਕ ਨਾਲ ਸਾਡੀ ਆਰਥਿਕ ਹਿੱਸੇਦਾਰੀ ਵਧੇਗੀ। ਉਨ੍ਹਾਂ ਨੇ ਕਿਹਾ ਕਿ ਆਸਾਨ ਨਿਵੇਸ਼ ਅਤੇ ਵਪਾਰ ਲਈ ਭਾਰਤ ਆਓ। ਨਵਾਂ ਕਰਨ ਅਤੇ ਸ਼ੁਰਆਤ ਕਰਨ ਲਈ ਭਾਰਤ ਆਓ। ਭਾਰਤ ਖੁੱਲ੍ਹੀਆਂ ਬਾਹਾਂ ਨਾਲ ਤੁਹਾਡਾ ਸਵਾਗਤ ਕਰਦਾ ਹੈ।


Vandana

Content Editor

Related News