ਮੱਧ ਪ੍ਰਦੇਸ਼ ਦੇ ਇਕ ਪੋਲਟਰੀ ਫਾਰਮ ’ਚ ਅੱਤਵਾਦੀਆਂ ਨੂੰ ਦਿੱਤੀ ਜਾ ਰਹੀ ਸੀ ਸਿਖਲਾਈ
Wednesday, Jul 19, 2023 - 10:33 AM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਮੱਧ ਪ੍ਰਦੇਸ਼ ਵਿਚ ਇਕ ਪੋਲਟਰੀ ਫਾਰਮ ਨੂੰ ਕੁਰਕ ਕੀਤਾ ਹੈ, ਜਿਸ ਦੀ ਵਰਤੋਂ ਕਥਿਤ ਤੌਰ ’ਤੇ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਅੱਤਵਾਦੀ ਸਮੂਹ ‘ਸੂਫਾ’ ਦੇ ਮੈਂਬਰ ਕਰ ਰਹੇ ਸਨ। ਐੱਨ.ਆਈ.ਏ. ਦੇ ਬੁਲਾਰੇ ਨੇ ਦੱਸਿਆ ਕਿ ਰਾਜਸਥਾਨ ’ਚ ਅੱਤਵਾਦੀ ਕਾਰਵਾਈਆਂ ਦੀ ਸਾਜ਼ਿਸ਼ ਰਚਣ ਸਬੰਧੀ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਦੇ ਜੁਲਵਾਨੀਆ ਪਿੰਡ ’ਚ ਇਮਰਾਨ ਖਾਨ ਨਾਂ ਦੇ ਵਿਅਕਤੀ ਦੇ ਪੋਲਟਰੀ ਫਾਰਮ ਨੂੰ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ.ਏ.ਪੀ.ਏ.) ਦੇ ਤਹਿਤ ਕੁਰਕ ਕੀਤਾ ਗਿਆ ਹੈ।
ਬੁਲਾਰੇ ਦੇ ਮੁਤਾਬਕ ‘ਸੂਫਾ’ ਦੇ ਮੈਂਬਰ ਇਸ ਪੋਲਟਰੀ ਫਾਰਮ ਦੀ ਵਰਤੋਂ ਸਮੂਹ ਵਿਚ ਸ਼ਾਮਲ ਕੀਤੇ ਗਏ ਲੋਕਾਂ ਨੂੰ ਕੱਟੜਪੰਥੀ ਬਣਾਉਣ ਅਤੇ ਉਨ੍ਹਾਂ ਨੂੰ ਆਈ. ਈ. ਡੀ. (ਉੱਨਤ ਵਿਸਫੋਟਕ ਉਪਕਰਣ) ਦੇ ਨਿਰਮਾਣ ਦੀ ਸਿਖਲਾਈ ਦੇਣ ਲਈ ਕਰਦੇ ਸਨ। ਐੱਨ.ਆਈ.ਏ. ਨੇ ਪਿਛਲੇ ਸਾਲ 22 ਸਤੰਬਰ ਨੂੰ ਇਮਰਾਨ ਖਾਨ ਅਤੇ 10 ਹੋਰ ਦੋਸ਼ੀਆਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਸੀ। ਰਾਸ਼ਟਰੀ ਜਾਂਚ ਏਜੰਸੀ ਨੇ ਆਈ. ਈ. ਡੀ. ਬਣਾਉਣ ਵਿਚ ਵਰਤੇ ਜਾਣ ਵਾਲੇ ਵਿਸਫੋਟਕ ਵੀ ਜ਼ਬਤ ਕੀਤੇ ਸਨ। ਐੱਨ.ਆਈ.ਏ. ਬੁਲਾਰੇ ਨੇ ਦੱਸਿਆ ਕਿ ਅਪ੍ਰੈਲ, 2022 ਵਿਚ ਹੋਂਦ ਵਿਚ ਆਏ ‘ਸੂਫਾ’ ਦੇ ਮੈਂਬਰਾਂ ਵਿਰੁੱਧ ਰਾਜਸਥਾਨ ਵਿਚ ਅੱਤਵਾਦੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਕਥਿਤ ਸਾਜਿਸ਼ ਰੱਚਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8