ਅੱਤਵਾਦੀਆਂ ਨੇ ਅਨੰਤਨਾਗ ’ਚ ਪੁਲਸ ਹੈੱਡ ਕਾਂਸਟੇਬਲ ਅਲੀ ਮੁਹੰਮਦ ਦੀ ਗੋਲੀ ਮਾਰ ਕੇ ਹੱਤਿਆ

Sunday, Jan 30, 2022 - 03:22 PM (IST)

ਅੱਤਵਾਦੀਆਂ ਨੇ ਅਨੰਤਨਾਗ ’ਚ ਪੁਲਸ ਹੈੱਡ ਕਾਂਸਟੇਬਲ ਅਲੀ ਮੁਹੰਮਦ ਦੀ ਗੋਲੀ ਮਾਰ ਕੇ ਹੱਤਿਆ

ਸ਼੍ਰੀਨਗਰ (ਅਰੀਜ)- ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਇਕ ਹੋਰ ਕਾਇਰਾਨਾ ਕਰਤੂਤ ਕਰਦੇ ਹੋਏ ਇਕ ਪੁਲਸ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹੱਸਾਪੋਰਾ ਇਲਾਕੇ ’ਚ ਅੱਤਵਾਦੀਆਂ ਨੇ ਹੈੱਡ ਕਾਂਸਟੇਬਲ ਅਲੀ ਮੁਹੰਮਦ ਪੁੱਤਰ ਗੁਲਾਮ ਕਾਦਿਰ ਗਨੀ ’ਤੇ ਗੋਲੀਬਾਰੀ ਕੀਤੀ, ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਉਸ ਨੂੰ ਜੀ. ਐੱਮ. ਸੀ. ਅਨੰਤਨਾਗ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦਰਮਿਆਨ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਨੂੰ ਫੜਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।

ਓਧਰ ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲੇ ’ਚ ਪੁਲਸ ਨੇ ਸ਼ਨੀਵਾਰ ਨੂੰ ਟੀ. ਆਰ. ਐੱਫ. ਦੇ 3 ਮਦਦਗਾਰਾਂ ਨੂੰ ਹਥਿਆਰ ਅਤੇ ਗੋਲਾ-ਬਾਰੂਦ ਸਮੇਤ ਗ੍ਰਿਫਤਾਰ ਕਰ ਕੇ ਅੱਤਵਾਦੀ ਮਾਡਿਊਲ ਦਾ ਭਾਂਡਾ ਭੰਨਿਆ ਹੈ। ਪੁਲਸ ਨੇ ਇਕ ਬਿਆਨ ’ਚ ਕਿਹਾ ਕਿ ਗਾਂਦਰਬਲ ਪੁਲਸ ਨੇ ਫੌਜ ਦੀ 24 ਆਰ. ਆਰ. ਅਤੇ ਸੀ. ਆਰ. ਪੀ. ਐੱਫ. ਦੀ 115ਵੀਂ ਬਟਾਲੀਅਨ ਦੇ ਨਾਲ ਸ਼ੁਹਾਮਾ ਇਲਾਕੇ ’ਚ ਨਾਕੇ ਦੌਰਾਨ ਅੱਤਵਾਦੀਆਂ ਦੇ 3 ਮਦਦਗਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ। ਪੁਲਸ ਦੇ ਬੁਲਾਰੇ ਨੇ ਤਿੰਨਾਂ ਮਦਦਗਾਰਾਂ ਦੀ ਪਛਾਣ ਫੈਸਲ ਮੰਜ਼ੂਰ ਪੁੱਤਰ ਮੰਜ਼ੂਰ ਅਹਿਮਦ ਲੋਨ ਨਿਵਾਸੀ ਬਰਾਰੀਪੋਰਾ ਸ਼ੋਪੀਆਂ, ਅਜਹਰ ਯਾਕੂਬ ਪੁੱਤਰ ਮੁਹੰਮਦ ਯਾਕੂਬ ਗਨੀ ਨਿਵਾਸੀ ਜੈਪੋਰਾ ਸ਼ੋਪੀਆਂ ਅਤੇ ਨਾਸਿਰ ਅਹਿਮਦ ਡਾਰ ਪੁੱਤਰ ਮੁਹੰਮਦ ਅਯੂਬ ਡਾਰ ਨਿਵਾਸੀ ਬੇਗਾਮ ਕੁਲਗਾਮ ਦੇ ਰੂਪ ’ਚ ਕੀਤੀ ਹੈ। ਉਨ੍ਹਾਂ ਦੇ ਕਬਜ਼ੇ ’ਚੋਂ 2 ਚੀਨੀ ਪਿਸਟਲ, 3 ਪਿਸਟਲ ਮੈਗਜ਼ੀਨ, 15 ਰਾਊਂਡ, 2 ਗ੍ਰੇਨੇਡ ਅਤੇ 3 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ। ਇਸ ਸੰਬੰਧ ’ਚ ਪੁਲਸ ਥਾਣਾ ਗਾਂਦਰਬਲ ’ਚ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

DIsha

Content Editor

Related News