ਮਣੀਪੁਰ ’ਚ 3 ਵਿਅਕਤੀਆਂ ਦੀ ਹੱਤਿਆ ਵਿਰੁੱਧ ਬੰਦ, ਆਮ ਜਨਜੀਵਨ ਪ੍ਰਭਾਵਿਤ

Tuesday, Oct 20, 2026 - 06:04 PM (IST)

ਮਣੀਪੁਰ ’ਚ 3 ਵਿਅਕਤੀਆਂ ਦੀ ਹੱਤਿਆ ਵਿਰੁੱਧ ਬੰਦ, ਆਮ ਜਨਜੀਵਨ ਪ੍ਰਭਾਵਿਤ

ਨੈਸ਼ਨਲ ਡੈਸਕ- ਸ਼ੱਕੀ ਅੱਤਵਾਦੀਆਂ ਵੱਲੋਂ ਮੇਤੇਈ ਭਾਈਚਾਰੇ ਦੇ 3 ਮੈਂਬਰਾਂ ਦੀ ਹੱਤਿਆ ਦੇ ਵਿਰੋਧ ’ਚ ਇਕ ਸਿਵਲ ਸੋਸਾਇਟੀ ਸੰਗਠਨ ਵੱਲੋਂ ਦਿੱਤੇ ਗਏ 48 ਘੰਟਿਆਂ ਦੇ ਸੂਬਾ ਪੱਧਰੀ ਬੰਦ ਕਾਰਨ ਮੰਗਲਵਾਰ 5 ਘਾਟੀ ਜ਼ਿਲਿਆਂ ਇੰਫਾਲ ਪੂਰਬੀ, ਇੰਫਾਲ ਪੱਛਮੀ, ਬਿਸ਼ਨੂਪੁਰ, ਥੌਬਲ ਤੇ ਕਾਕਚਿੰਗ ’ਚ ਆਮ ਜਨਜੀਵਨ ਪ੍ਰਭਾਵਿਤ ਰਿਹਾ।

ਬੰਦ ਦੌਰਾਨ ਜਨਤਕ ਆਵਾਜਾਈ ਸੇਵਾਵਾਂ ਮੁਅੱਤਲ ਰਹੀਆਂ ਹਾਲਾਂਕਿ ਕੁਝ ਨਿੱਜੀ ਵਾਹਨ ਸੜਕਾਂ ’ਤੇ ਚੱਲਦੇ ਵੇਖੇ ਗਏ। ਉਕਤ ਜ਼ਿਲਿਆਂ ’ਚ ਵਧੇਰੇ ਬਾਜ਼ਾਰ, ਵਿਦਿਅਕ ਅਦਾਰੇ ਤੇ ਵਪਾਰਕ ਅਦਾਰੇ ਬੰਦ ਰਹੇ। ਮਣੀਪੁਰ ਦੀ ਨੇਟਿਵ ਪੀਪਲਜ਼ ਕਮੇਟੀ ਦੇ ਮੈਂਬਰਾਂ ਨੇ ਇੰਫਾਲ ਪੂਰਬੀ ਤੇ ਇੰਫਾਲ ਪੱਛਮੀ ਜ਼ਿਲਿਆਂ ਦੇ ਵੱਖ-ਵੱਖ ਹਿੱਸਿਆਂ ’ਚ ਸੜਕਾਂ ਜਾਮ ਕਰ ਦਿੱਤੀਆਂ। ਕਾਂਗਪੋਕਪੀ ਜ਼ਿਲੇ ਦੇ ਸੁਨੂਰੋਕ ’ਚ ਇਕ ਦਿਨ ਪਹਿਲਾਂ ਲੱਕੜ ਇਕੱਠੀ ਕਰਦੇ ਸਮੇਂ 3 ਵਿਅਕਤੀਆਂ ਦੀ ਹੱਤਿਆ ਵਿਰੁੱਧ ਇਹ ਪ੍ਰਦਰਸ਼ਨ ਕੀਤੇ ਗਏ।

ਸੰਗਠਨ ਨੇ ਬੁੱਧਵਾਰ ਨੂੰ ਵੀ ਬੰਦ ਦਾ ਸੱਦਾ ਦਿੱਤਾ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਵਧਾਨੀ ਵਜੋਂ ਸੂਬੇ ਦੀ ਰਾਜਧਾਨੀ ਤੇ ਇਸ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਮਣੀਪੁਰ ਦੇ ਨਸਲੀ ਟਕਰਾਅ ਕਾਰਨ ਪਿਛਲੇ 3 ਸਾਲਾਂ ਦੌਰਾਨ ਘੱਟੋ-ਘੱਟ 306 ਵਿਅਕਤੀ ਮਾਰੇ ਜਾ ਚੁਕੇ ਹਨ। ਮਈ 2023 ’ਚ ਘਾਟੀ ’ਚ ਰਹਿਣ ਵਾਲੇ ਮੀਤੇਈ ਤੇ ਪਹਾੜੀ ਖੇਤਰਾਂ ’ਚ ਰਹਿਣ ਵਾਲੇ ਕੂਕੀ ਭਾਈਚਾਰੇ ਦੇ ਲੋਕਾਂ ਦਰਮਿਆਨ ਟਕਰਾਅ ਸ਼ੁਰੂ ਹੋਇਆ ਸੀ।


author

Harpreet SIngh

Content Editor

Related News