ਪਾਕਿ ’ਚ ਪੱਤਰਕਾਰਿਤਾ ਦੀ ਆੜ ਹੇਠ ਤਿਆਰ ਕੀਤੇ ਜਾ ਰਹੇ ਹਨ ਅੱਤਵਾਦੀ

Saturday, May 07, 2022 - 02:58 PM (IST)

ਜੰਮੂ (ਵਿਸ਼ੇਸ਼)– ਜੰਮੂ-ਕਸ਼ਮੀਰ ਪੁਲਸ ਦੀ ਸੂਬਾ ਜਾਂਚ ਏਜੰਸੀ (ਐੱਸ. ਆਈ. ਏ.) ਨੇ ਭਾਰਤ ਵਿਚ ਪੱਤਰਕਾਰਾਂ ਦੀ ਆੜ ਹੇਠ ਟਰੇਂਡ ਅੱਤਵਾਦੀਆਂ ਨੂੰ ਸ਼ਾਮਲ ਕਰਨ ਦੀ ਪਾਕਿਸਤਾਨ ਦੀ ਸਾਜ਼ਿਸ਼ ਨੂੰ ਅਸਫਲ ਕਰ ਦਿੱਤਾ ਹੈ ਅਤੇ ਏਜੰਸੀ ਨੇ ਪਾਕਿਸਤਾਨ ਤੋਂ ਸਰਗਰਮ ਹਿਜਬੁਲ ਮੁਜਾਹਿਦੀਨ (ਐੱਚ. ਐੱਮ.) ਦੇ ਅੱਤਵਾਦੀਆਂ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਹੈ। ਐੱਸ. ਆਈ. ਏ. ਜੰਮੂ ਦੇ ਡੋਡਾ ਜ਼ਿਲੇ ਨਾਲ ਸੰਬੰਧਤ 3 ਹਿਜਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਡੋਡਾ ਦੇ ਕਸ਼ਤੀਗੜ੍ਹ ਦੇ ਆਸਿਫ ਸ਼ਬੀਰ ਨਾਈਕ, ਉਸ ਦੇ ਪਿਤਾ ਸ਼ੱਬੀਰ ਹੁਸੈਨ ਨਾਈਕ ਅਤੇ ਸਫਦਰ ਹੁਸੈਨ ਡੋਡਾ ਦੇ ਪਿੰਡ ਮਰੰਮਤ ਕੇ ਅਹਿਸਾਨ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਹੈ। ਇਹ ਤਿੰਨੋਂ ਹੁਣ ਪਾਕਿਸਤਾਨ ਵਿਚ ਹਨ। ਜਾਂਚ ਏਜੰਸੀ ਨੇ ਤਿੰਨਾਂ ਦੋਸ਼ੀਆਂ ਖਿਲਾਫ ਜੰਮੂ ਵਿਚ ਟਾਡਾ, ਪੋਟਾ ਅਤੇ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਵਿਚ ਚਾਰਜਸ਼ੀਟ ਦਾਖਲ ਕੀਤੀ ਹੈ।

ਵਿਦਿਆਰਥੀਆਂ ਦੀ ਗਲਤ ਵਰਤੋਂ ਕਰ ਰਹੀਆਂ ਹਨ ਪਾਕਿ ਏਜੰਸੀਆਂ-
ਐੱਸ. ਆਈ. ਏ. ਮੁਤਾਬਕ ਜਾਂਚ 7 ਨਵੰਬਰ 2021 ਨੂੰ ਸ਼ੁਰੂ ਹੋਈ ਅਤੇ ਪਿਛਲੇ ਲਗਭਗ 6 ਮਹੀਨਿਆਂ ਤੱਕ ਚੱਲੀ। ਉਕਤ ਅੱਤਵਾਦੀ ਪਾਕਿਸਤਾਨ ਵਿਚ ਲੁਕੇ ਹੋਏ ਹਨ ਅਤੇ ਸਰਹੱਦ ਪਾਰ ਤੋਂ ਅੱਤਵਾਦੀ ਅਤੇ ਵੱਖਵਾਦੀ ਸਰਗਰਮੀਆਂ ਨੂੰ ਅੰਜ਼ਾਮ ਦੇ ਰਹੇ ਹਨ। ਇਨ੍ਹਾਂ ਨੂੰ ਪਾਕਿਸਤਾਨੀ ਖੁਫੀਆ ਏਜੰਸੀਆਂ ਦੀ ਹਮਾਇਤ ਪ੍ਰਾਪਤ ਹੈ। ਐੱਸ. ਆਈ. ਏ. ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਕਿਵੇਂ ਪਾਕਿਸਤਾਨੀ ਜਾਇਜ਼ ਯਾਤਰਾ ਦਸਤਾਵੇਜ਼ਾਂ ਦੇ ਆਧਾਰ ’ਤੇ ਦੋਵਾਂ ਦੇਸ਼ਾਂ ਦਰਮਿਆਨ ਯਾਤਰਾ ਹੀ ਨਹੀਂ ਕਰ ਰਹੇ ਸਗੋਂ ਉੱਚ ਅਧਿਐਨ ਲਈ ਪਾਕਿਸਤਾਨ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਪਾਕਿਸਤਾਨੀ ਏਜੰਸੀਆਂ ਗਲਤ ਵਰਤੋਂ ਕਰ ਰਹੀਆਂ ਹਨ।

ਇੰਝ ਪੁਲਸ ਗ੍ਰਿਫਤ ’ਚ ਆਇਆ ਅੱਤਵਾਦੀ-
ਜਾਂਚ ਏਜੰਸੀ ਨੇ ਕਿਹਾ ਕਿ ਦੋਸ਼ੀ ਅੱਤਵਾਦੀਆਂ ਵਿਚੋਂ ਇਕ ਆਸਿਫ ਸ਼ੱਬੀਰ ਨਾਈਕ ਨੂੰ ਸ਼੍ਰੀਨਗਰ ਹਵਾਈ ਅੱਡੇ ’ਤੇ ਉਸ ਸਮੇਂ ਰੋਕਿਆ ਗਿਆ  ਸੀ ਜਦੋਂ ਉਹ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਪਾਕਿਸਤਾਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਉਥੇ ਇਕ ਵਿਦਿਆਰਥੀ ਦੇ ਰੂਪ ਵਿਚ ਪਾਕਿਸਤਾਨ ਦਾ ਦੌਰਾ ਕਰ ਰਿਹਾ ਸੀ। ਉਹ ਅਸਲ ਵਿਚ ਅੱਤਵਾਦੀ ਅਤੇ ਵੱਖਵਾਦੀ ਟਰੇਨਿੰਗ ਲਈ ਦੌਰਾ ਕਰ ਰਿਹਾ ਸੀ। ਆਸਿਫ ਸ਼ੱਬੀਰ ਨਾਈਕ ਨਿਆਇਕ ਹਿਰਾਸਤ ਵਿਚ ਹੈ, ਹੋਰਨਾਂ 2 ਦੋਸ਼ੀਆਂ ਵਿਸ਼ੇਸ਼ ਰੂਪ ਵਿਚ ਮਾਸਟਰਮਾਈਂਡ ਸ਼ੱਬੀਰ ਹੁਸੈਨ ਨਾਈਕ ਅਤੇ ਉਸ ਦੇ ਸਹਿਯੋਗੀ ਸਫਦਰ ਹੁਸੈਨ ਦੇ ਪਾਕਿਸਤਾਨ ਵਿਚ ਲੁਕੇ ਹੋਣ ’ਤੇ ਸੀ. ਆਰ. ਪੀ. ਸੀ. ਦੀ ਧਾਰਾ-299 ਤਹਿਤ ਫਰਾਰ ਦੇ ਰੂਪ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

ਭਾਰਤ ’ਚ ਅੱਤਵਾਦ ਫੈਲਾਉਣ ਦੀ ਯੋਜਨਾ-
ਇਸ ਮਾਮਲੇ ਵਿਚ ਅੱਤਵਾਦੀ ਸੰਗਠਨ ਐੱਚ. ਐੱਮ. ਨੇ ਪਾਕਿਸਤਾਨੀ ਏਜੰਸੀਆ ਦੇ ਆਸ਼ੀਰਵਾਦ ਨਾਲ ਆਸਿਫ ਨੂੰ ਵਜ਼ੀਫੇ ਦਾ ਕਵਰ ਦਿੱਤਾ ਅਤੇ ਪਾਕਿਸਤਾਨ ਵਿਚ ਆਪਣੇ ਪ੍ਰਵਾਸ ਦੀ ਵਰਤੋਂ ਕੀਤੀ। ਐੱਸ. ਆਈ. ਏ. ਨੇ ਕਿਹਾ ਕਿ ਪਾਕਿਸਤਾਨ ਵਿਚ ਇਕ ਮਾਸ ਮੀਡੀਆ ਕੋਰਸ ਵਿਚ ਇਕ ਵਿਦਿਆਰਥੀ ਦੇ ਰੂਪ ਵਿਚ ਆਸਿਫ ਦੇ ਦਾਖਲੇ ਦਾ ਉਦੇਸ਼ ਸ਼ੱਕੀ ਹੈ ਅਤੇ ਉਹ ਇਕ ਸਨਮਾਨਤ ਪੱਤਰਕਾਰ ਦੇ ਰੂਪ ਵਿਚ ਭਾਰਤ ਪਰਤਣਾ ਅਤੇ ਸਿਸਟਮ ਵਿਚ ਗੁਪਤ ਰੂਪ ਨਾਲ ਸ਼ਾਮਲ ਹੋਣਾ ਚਾਹੁੰਦਾ ਸੀ। ਉਹ ਵੱਖਵਾਦੀ ਪ੍ਰਚਾਰ ਮੁਹਿੰਮ ਤਹਿਤ ਹਿੰਸਕ ਕਾਰਵਾਈਆਂ ਨੂੰ ਅੰਜ਼ਾਮ ਦੇਣਾ ਚਾਹੁੰਦਾ ਸੀ। ਇਥੇ ਇਹ ਜ਼ਿਕਰ ਕਰਨਾ ਉਚਿਤ ਹੋਵੇਗਾ ਕਿ ਦੋਸ਼ੀ ਆਸਿਫ ਸ਼ੱਬੀਰ ਨਾਈਕ ਪਾਕਿਸਤਾਨ ਵਿਚ ਲਗਭਗ 3 ਸਾਲ ਤੱਕ ਸ਼ੱਬੀਰ ਹੁਸੈਨ ਨਾਈਕ ਸਫਦਰ ਹੁਸੈਨ ਦੇ ਨਾਲ ਐੱਚ. ਐੱਮ. ਕੈਂਪਾਂ ਵਿਚ ਰਿਹਾ।

ਪਾਕਿਸਤਾਨੀ ਅਦਾਲਤ ਨੂੰ ਕਾਰਵਾਈ ਦੀ ਬੇਨਤੀ-
ਦੋਸ਼ ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਜਾਂਚ ਦਾ ਪ੍ਰਮੁੱਖ ਹਿੱਸਾ ਪਾਕਿਸਤਾਨ ਦੇ ਖੇਤਰ ਨਾਲ ਸੰਬੰਧਤ ਹੈ। ਇਥੋਂ ਤੱਕ ਕਿ ਜਦੋਂ ਇਹ ਸਮਝਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਅਧਿਕਾਰੀ ਇਸ ਕਾਨੂੰਨੀ ਰੂਪ ਨਾਲ ਜ਼ਰੂਰੀ ਜਾਂਚ ਵਿਚ ਸਹਾਇਤਾ ਨਹੀਂ ਕਰਨਗੇ ਤਾਂ ਉਹ ਸਮਝਦਾਰੀ ਅਤੇ ਕਾਨੂੰਨੀ ਰੂਪ ਨਾਲ ਜ਼ਰੂਰੀ ਸੀ ਕਿ ਨਿਰਧਾਰਤ ਚੈਨਲ ਰਾਹੀਂ ਪਾਕਿਸਤਾਨੀ ਅਦਾਲਤ ਨੂੰ ਬੇਨਤੀ ਕਰਨ। ਪਾਕਿਸਤਾਨ ਵਿਚ ਲੁਕੇ ਸ਼ੱਬੀਰ ਹੁਸੈਨ ਨਾਈਕ ਅਤੇ ਸਫਦਰ ਹੁਸੈਨ ਦੇ ਸੰਬੰਧ ਵਿਚ ਇਸੇ ਤਰ੍ਹਾਂ ਦੀਆਂ ਬੇਨਤੀਆਂ ਸ਼ੁਰੂ ਕੀਤੀਆਂ ਗਈਆਂ ਹਨ। ਐੱਸ. ਆਈ. ਏ. ਨੇ ਕਿਹਾ ਕਿ ਕੁਝ ਹੋਰ ਸਬੂਤ ਹਾਸਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਸੰਬੰਧ ਵਿਚ ਜਾਂਚ ਜਾਰੀ ਰਹੇਗੀ।

ਮਾਸ ਮੀਡੀਆ ਕੋਰਸ ’ਚ ਸੀ ਐਡਮਿਸ਼ਨ-
ਆਸਿਫ ਦੇ ਫੋਨ ਦੀ ਫੋਰੈਂਸਿਕ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ ਫੌਜੀ ਬਾਰਾਮੂਲਾ-ਸ਼੍ਰੀਨਗਰ ਸੜਕ ’ਤੇ ਫੌਜ ਦੇ ਅਦਾਰਿਆਂ ਦੀ ਵੀਡੀਓਗ੍ਰਾਫੀ ਕੀਤੀ ਸੀ। ਉਸ ਨੇ ਹਵਾਈ ਅੱਡੇ ਤੱਕ ਜਾਣ ਵਾਲੀ ਸੜਕ ਅਤੇ ਉਸ ਨਾਲ ਸੰਬੰਧਤ ਸੁਰੱਖਿਆ ਸਹੂਲਤਾਂ ਦੀਆਂ ਵੀ ਤਸਵੀਰਾਂ ਖਿੱਚੀਆਂ। ਆਸਿਫ ਦੇ ਪਾਸਪੋਰਟ ’ਤੇ ਵੀਜ਼ਾ ਤੋਂ ਪਤਾ ਲੱਗਦਾ ਹੈ ਕਿ ਉਹ ਮਹਿਮਾਨ ਸੀ, ਇਮੀਗ੍ਰੇਸ਼ਨ ਰਿਕਾਰਡ ਤੋਂ ਸੰਕੇਤ ਮਿਲਦਾ ਸੀ ਕਿ ਉਹ ਇਕ ਵਿਦਿਆਰਥੀ ਸੀ। ਡਿਜੀਟਲ ਸਬੂਤ ਦੇ ਸੰਦਰਭ ਵਿਚ ਆਸਿਫ ਤੋਂ ਪੁੱਛ-ਗਿੱਛ ਤੋਂ ਪਤਾ ਲੱਗਾ ਕਿ ਪਾਕਿਸਤਾਨ ਨੇ ਇਸਲਾਮਾਬਾਦ ਵਿਚ ਇੰਟਰਨੈਸ਼ਨਲ ਇਸਲਾਮਿਕ ਯੂਨੀਵਰਸਿਟੀ ਵਿਚ ਉਸ ਦੇ ਦਾਖਲੇ ਦੀ ਵਿਵਸਥਾ ਇਕ ਮਾਸ ਮੀਡੀਆ ਕੋਰਸ ਵਿਚ ਕੀਤੀ ਸੀ ਅਤੇ ਨਾਲ ਹੀ ਨਾਲ ਉਸ ਦੇ ਪਿਤਾ ਵਲੋਂ ਸੰਚਾਲਿਤ ਐੱਚ. ਐੱਮ. ਦੇ ਮੀਡੀਆ ਸੈੱਲ ਵਿਚ ਉਸ ਦੀ ਇੰਟਰਨਸ਼ਿਪ ਹੋਈ ਸੀ।


Tanu

Content Editor

Related News