ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਪੇਸ਼ ਹੋਇਆ ਯਾਸੀਨ ਮਲਿਕ, ਚਸ਼ਮਦੀਦ ਨੇ ਕੀਤੀ ਪਛਾਣ

02/25/2023 11:00:49 AM

ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇ. ਕੇ. ਐੱਲ. ਐੱਫ.) ਦੇ ਮੁਖੀ ਯਾਸੀਨ ਮਲਿਕ ਸ਼ੁੱਕਰਵਾਰ ਨੂੰ ਇੱਥੇ ਇਕ ਵਿਸ਼ੇਸ਼ ਅਦਾਲਤ ਦੇ ਸਾਹਮਣੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ ਅਤੇ ਇਕ ਚਸ਼ਮਦੀਦ ਗਵਾਹ ਨੇ 1989 ’ਚ ਤਤਕਾਲੀ ਕੇਂਦਰੀ ਗ੍ਰਹਿ ਮੰਤਰੀ ਮੁਫਤੀ ਮੁਹੰਮਦ ਸਈਦ ਦੀ ਧੀ ਰੁਬਈਆ ਸਈਦ ਦੇ ਅਗਵਾ ’ਚ ਉਨ੍ਹਾਂ ਦੀ ਪਛਾਣ ਕੀਤੀ। ਇਸਤਗਾਸਾ ਪੱਖ ਨੇ ਕਿਹਾ ਕਿ ਚਸ਼ਮਦੀਦ ਗਵਾਹ ਨੇ ਪੁਸ਼ਟੀ ਕੀਤੀ ਕਿ ਰੁਬਈਆ ਸਈਦ ਦੇ ਅਗਵਾ ਦੇ ਸਮੇਂ ਉਹ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਸੋਪੋਰ ਗਿਆ ਸੀ ਅਤੇ ਉਸ ਜਗ੍ਹਾ ਅਤੇ ਉਸ ਨਾਲ ਜੁੜੇ ਲੋਕਾਂ ਦੀ ਪਛਾਣ ਕੀਤੀ। ਇਸਤਗਾਸਾ ਪੱਖ ਨੇ ਇਸ ਨੂੰ ਵੱਡੀ ਸਫਲਤਾ ਦੱਸਿਆ।

ਮਲਿਕ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ ’ਚ ਅੱਤਵਾਦੀ ਫੰਡਿੰਗ ਮਾਮਲੇ ’ਚ ਸਜ਼ਾ ਕੱਟ ਰਿਹਾ ਹੈ। ਗ੍ਰਹਿ ਮੰਤਰਾਲਾ ਦੇ ਉਸ ਦੀ ਆਵਾਜਾਈ ’ਤੇ ਪਾਬੰਦੀ ਦੇ ਹੁਕਮਾਂ ਕਾਰਨ ਉਸ ਨੂੰ ਅਦਾਲਤ ’ਚ ਸਰੀਰਕ ਤੌਰ ’ਤੇ ਪੇਸ਼ ਨਹੀਂ ਕੀਤਾ ਗਿਆ। ਸੀਨੀਅਰ ਸਰਕਾਰੀ ਵਕੀਲ ਐੱਸ. ਕੇ. ਭੱਟ ਨੇ ਕਿਹਾ, ਰੁਬਈਆ ਸਈਦ ਅਗਵਾ ਮਾਮਲੇ ਦੇ ਸਬੰਧ ’ਚ ਟਾਡਾ ਅਦਾਲਤ ਦੇ ਵਿਸ਼ੇਸ਼ ਜੱਜ ਦੇ ਸਾਹਮਣੇ ਯਾਸੀਨ ਮਲਿਕ ਦਾ ਮਾਮਲਾ ਸੀ। ਅਸੀਂ 2 ਚਸ਼ਮਦੀਦ ਗਵਾਹ ਨੰਬਰ-7 ਅਤੇ ਨੰਬਰ-13 ਨੂੰ ਤਲਬ ਕੀਤਾ ਸੀ। ਚਸ਼ਮਦੀਦ ਗਵਾਹ ਨੰਬਰ-13 ਅਦਾਲਤ ’ਚ ਹਾਜ਼ਰ ਸੀ ਅਤੇ ਚਸ਼ਮਦੀਦ ਗਵਾਹ ਨੰਬਰ-7 ਸਿਹਤ ਕਾਰਨਾਂ ਕਰ ਕੇ ਪੇਸ਼ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਚਸ਼ਮਦੀਦ ਗਵਾਹ ਨੰਬਰ-13 ਦੇ ਬਿਆਨ ਦਰਜ ਕੀਤੇ ਗਏ ਹਨ। ਇਸ ਦੌਰਾਨ ਮਲਿਕ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਮਾਮਲੇ ਦੇ ਹੋਰ ਦੋਸ਼ੀ ਵੀ ਅਦਾਲਤ ’ਚ ਮੌਜੂਦ ਸਨ।

ਭੱਟ ਨੇ ਕਿਹਾ ਕਿ ਚਸ਼ਮਦੀਦ ਗਵਾਹ ਨੇ ਅਦਾਲਤ ’ਚ ਇਕ ਹੋਰ ਦੋਸ਼ੀ ਮੁਹੰਮਦ ਜ਼ਮਾਨ ਦੀ ਪਛਾਣ ਵੀ ਕੀਤੀ। ਉਨ੍ਹਾਂ ਕਿਹਾ ਕਿ ਚਸ਼ਮਦੀਦ ਗਵਾਹ ਨੇ ਮੰਨਿਆ ਕਿ ਰੁਬਈਆ ਸਈਦ ਨੂੰ ਅਗਵਾ ਕੀਤੇ ਜਾਣ ਤੋਂ ਇਕ ਦਿਨ ਬਾਅਦ ਉਹ ਇਕ ਹੋਰ ਚਸ਼ਮਦੀਦ ਨਾਲ ਸੋਪੋਰ ਗਿਆ ਸੀ। ਉਨ੍ਹਾਂ ਕਿਹਾ, ਉਸ ਦੇ ਬਿਆਨ ਅਨੁਸਾਰ ਉਹ ਖਾਨ ਗੈਸਟ ਹਾਊਸ ’ਚ ਦੋਵਾਂ ਦੋਸ਼ੀਆਂ ਨੂੰ ਮਿਲਿਆ ਅਤੇ ਉਸ ਨੇ ਦੋਵਾਂ ਦੋਸ਼ੀਆਂ ਦੀ ਪਛਾਣ ਕੀਤੀ, ਜੋ ਕਿ ਇਸਤਗਾਸਾ ਲਈ ਇਕ ਵੱਡੀ ਪ੍ਰਾਪਤੀ ਹੈ। ਭੱਟ ਨੇ ਕਿਹਾ ਕਿ 2 ਦੋਸ਼ੀਆਂ ’ਚ ਸ਼ਾਮਲ ਅਲੀ ਮੁਹੰਮਦ ਮੀਰ, ਜੋ ਮਲਿਕ ਤੋਂ ਬਾਅਦ ਅਗਵਾ ਮਾਮਲੇ ਦਾ ਮੁੱਖ ਦੋਸ਼ੀ ਹੈ, ਰੁਬਈਆ ਸਈਦ ਨੂੰ ਆਪਣੇ ਵਾਹਨ ’ਚ ਸ਼੍ਰੀਨਗਰ ਤੋਂ ਸੋਪੋਰ ਲੈ ਗਿਆ ਸੀ ਅਤੇ ਉਸ ਨੇ ਖਾਨ ਗੈਸਟ ਹਾਊਸ ’ਚ ਰੱਖਿਆ ਸੀ।

ਉਨ੍ਹਾਂ ਕਿਹਾ ਕਿ ਜਦੋਂ ਚਸ਼ਮਦੀਦ ਗਵਾਹ ਸ਼੍ਰੀਨਗਰ ਵਾਪਸ ਆਇਆ ਤਾਂ ਮੀਰ ਨੇ ਉਸ ਨੂੰ ਆਪਣਾ ਵਾਹਨ ਦੇ ਦਿੱਤਾ ਅਤੇ ਚਸ਼ਮਦੀਦ ਦਾ ਵਾਹਨ ਸੋਪੋਰ ’ਚ ਰੱਖਿਆ ਗਿਆ। ਭੱਟ ਨੇ ਕਿਹਾ ਕਿ ਚਸ਼ਮਦੀਦ ਗਵਾਹ ਨੰਬਰ-13 ਨੇ ਅਦਾਲਤ ’ਚ 2 ਵਾਰ ਸਥਾਨਾਂ ਅਤੇ ਦੋਸ਼ੀਆਂ ਦੀ ਪਛਾਣ ਕੀਤੀ। ਅਦਾਲਤ ਨੇ ਇਸਤਗਾਸਾ ਪੱਖ ਨੂੰ ਮਾਮਲੇ ’ਚ ਦੋਵੇਂ ਗਵਾਹਾਂ ਨੂੰ ਅਗਲੀ ਤਰੀਕ 31 ਮਾਰਚ ਨੂੰ ਅਦਾਲਤ ’ਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ। ਇਸ ਦੇ ਨਾਲ ਹੀ ਰੁਬਈਆ ਸੁਣਵਾਈ ਲਈ ਹਾਜ਼ਰ ਨਹੀਂ ਹੋਈ ਕਿਉਂਕਿ ਉਨ੍ਹਾਂ ਦੀ ਛੋਟ ਦੀ ਅਰਜ਼ੀ ਅਦਾਲਤ ਨੇ ਪਹਿਲਾਂ ਹੀ ਮਨਜ਼ੂਰ ਕਰ ਲਈ ਸੀ। 15 ਜੁਲਾਈ ਨੂੰ ਪਿਛਲੀ ਸੁਣਵਾਈ ਦੌਰਾਨ ਰੁਬਈਆ ਨੇ ਮਲਿਕ ਸਮੇਤ 5 ਦੋਸ਼ੀਆਂ ਦੀ ਪਛਾਣ ਕੀਤੀ ਸੀ।


Rakesh

Content Editor

Related News