NIA ਦੀ ਵੱਡੀ ਕਾਰਵਾਈ, ਪੁਲਵਾਮਾ ਹਮਲੇ 'ਚ ਸ਼ਾਮਲ ਜੈਸ਼ ਦਾ ਅੱਤਵਾਦੀ ਸ਼ਾਕਿਰ ਗ੍ਰਿਫਤਾਰ
Friday, Feb 28, 2020 - 09:46 PM (IST)
ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਿਲੇ 'ਤੇ ਹੋਏ ਫਿਦਾਈਨ ਹਮਲੇ ਦੇ ਮਾਮਲੇ 'ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਵੱਡੀ ਸਫਲਤਾ ਮਿਲੀ ਹੈ। ਐੱਨ. ਆਈ. ਏ. ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਸ਼ਾਕਿਰ ਬਸ਼ੀਰ ਮਾਗਰੇ ਨੂੰ ਗ੍ਰਿਫਤਾਰ ਕੀਤਾ ਹੈ। ਸ਼ਾਕਿਰ ਜੈਸ਼ ਦਾ ਓਵਰਗਰਾਊਂਡ ਵਰਕਰ ਹੈ ਅਤੇ ਇਸੇ ਨੇ ਪੁਲਵਾਮਾ ਹਮਲੇ ਨੂੰ ਅੰਜਾਮ ਦੇਣ ਵਾਲੇ ਆਤਮਘਾਤੀ ਹਮਲਾਵਰ ਆਦਿਲ ਅਹਿਮਦ ਡਾਰ ਨੂੰ ਪਨਾਹ ਦਿੱਤੀ ਸੀ।
ਐੱਨ. ਆਈ. ਏ. ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਸ਼ਾਕਿਰ ਦੀ ਪੁਲਵਾਮਾ ਹਮਲੇ 'ਚ ਸਰਗਰਮ ਭੂਮਿਕਾ ਸੀ। ਸ਼ਾਕਿਰ ਨੇ ਆਦਿਲ ਅਹਿਮਦ ਡਾਰ ਨੂੰ ਪਨਾਹ ਦੇਣ ਤੋਂ ਇਲਾਵਾ ਉਸ ਨੂੰ ਹਮਲੇ ਲਈ ਜ਼ਰੂਰੀ ਸਾਮਾਨ ਵੀ ਮੁਹੱਈਆ ਕਰਵਾਇਆ ਸੀ। ਇਸ ਹਮਲੇ 'ਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋਏ ਸਨ। ਐੱਨ. ਆਈ. ਏ. ਦੇ ਸਾਹਮਣੇ ਹੁਣ ਤੱਕ ਚੁਣੌਤੀ ਬਣੀ ਹੋਈ ਹੈ ਕਿ ਆਖਿਰ ਇਸ ਹਮਲੇ ਦਾ ਅਸਲੀ ਮਾਸਟਰਮਾਈਂਡ ਕੌਣ ਸੀ। ਐੱਨ. ਆਈ. ਏ. ਕੋਲ ਇਸ ਹਮਲੇ ਦੇ ਮੁੱਖ ਦੋਸ਼ੀ ਬਾਰੇ ਹੁਣ ਤੱਕ ਕੋਈ ਠੋਸ ਸੂਚਨਾ ਜਾਂ ਸਬੂਤ ਨਹੀਂ ਹੈ। ਹਾਲਾਂਕਿ ਸ਼ਾਕਿਰ ਦੀ ਗ੍ਰਿਫਤਾਰ ਐੱਨ. ਆਈ. ਏ. ਲਈ ਵੱਡੀ ਸਫਲਤਾ ਅਤੇ ਏਜੰਸੀ ਨੂੰ ਇਸ ਤੋਂ ਕਾਫੀ ਅਹਿਮ ਜਾਣਕਾਰੀ ਮਿਲ ਸਕਦੀ ਹੈ।
ਹਮਲੇ ਤੋਂ ਪਹਿਲਾਂ ਆਪਣੇ ਘਰ 'ਚ ਰੱਖਿਆ, ਆਈ. ਈ. ਡੀ. ਬਣਵਾਉਣ 'ਚ ਕੀਤੀ ਮਦਦ
ਸ਼ਾਕਿਰ ਦੀ ਗ੍ਰਿਫਤਾਰੀ 'ਤੇ ਐੱਨ. ਆਈ. ਏ. ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਪੁੱਛਗਿੱਛ 'ਚ ਸ਼ਾਕਿਰ ਨੇ ਖੁਲਾਸਾ ਕੀਤਾ ਹੈ ਕਿ ਉਹੀ ਆਦਿਲ ਅਹਿਮਦ ਡਾਰ ਤੇ ਪਾਕਿਸਤਾਨੀ ਅੱਤਵਾਦੀ ਮੁਹੰਮਦ ਉਮਰ ਫਾਰੂਕ ਨੂੰ 2018 ਦੇ ਅਖੀਰ 'ਚ ਆਪਣੇ ਘਰ ਲਿਆਇਆ ਸੀ। ਫਰਵਰੀ 2019 'ਚ ਹਮਲੇ ਨੂੰ ਅੰਜਾਮ ਦੇਣ ਤੱਕ ਇਹ ਦੋਵੇਂ ਇਸੇ ਦੇ ਘਰ ਰੁਕੇ। ਇਸੇ ਨੇ ਆਈ. ਈ. ਡੀ. ਬਣਾਉਣ 'ਚ ਦੋਵਾਂ ਦੀ ਮਦਦ ਕੀਤੀ। ਅੱਗੇ ਦੀ ਪੁੱਛਗਿੱਛ ਲਈ ਸ਼ਾਕਿਰ ਨੂੰ 15 ਦਿਨ ਦੀ ਹਿਰਾਸਤ 'ਚ ਲਿਆ ਗਿਆ ਹੈ।