ਆਜ਼ਾਦੀ ਦਿਹਾੜੇ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਅੱਤਵਾਦੀ ਹਥਿਆਰਾਂ ਸਣੇ ਗ੍ਰਿਫ਼ਤਾਰ

Wednesday, Aug 10, 2022 - 09:33 AM (IST)

ਆਜ਼ਾਦੀ ਦਿਹਾੜੇ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਅੱਤਵਾਦੀ ਹਥਿਆਰਾਂ ਸਣੇ ਗ੍ਰਿਫ਼ਤਾਰ

ਲਖਨਊ (ਭਾਸ਼ਾ)- ਉੱਤਰ ਪ੍ਰਦੇਸ਼ ਪੁਲਸ ਦੇ ਅੱਤਵਾਦ ਰੋਕੂ ਦਸਤੇ (ਏ. ਟੀ. ਐੱਸ.) ਨੇ ਮੰਗਲਵਾਰ ਆਜ਼ਮਗੜ੍ਹ ’ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜੋ ਆਜ਼ਾਦੀ ਦਿਹਾੜੇ ’ਤੇ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਧਮਾਕਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਏ. ਟੀ. ਐਸ. ਵੱਲੋਂ ਜਾਰੀ ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਸਬਾਊਦੀਨ ਆਜ਼ਮੀ ਪੁੱਤਰ ਜ਼ਫ਼ਰ ਆਜ਼ਮੀ ਵਾਸੀ ਆਜ਼ਮਗੜ੍ਹ ਕੱਟੜਪੰਥੀ ਅੱਤਵਾਦੀ ਸੰਗਠਨ ਆਈ. ਐਸ. ਆਈ. ਐਸ. ਨਾਲ ਜੁੜਿਆ ਹੋਇਆ ਹੈ। ਉਹ ਏ. ਆਈ. ਐੱਮ. ਐੱਮ. ਦਾ ਮੈਂਬਰ ਵੀ ਹੈ। ਉਸ ਕੋਲੋਂ ਆਧੁਨਿਕ ਵਿਸਫੋਟਕ ਸਮੱਗਰੀ ਬਣਾਉਣ ਦਾ ਸਾਜ਼ੋ-ਸਾਮਾਨ , ਨਾਜਾਇਜ਼ ਹਥਿਆਰ ਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।

ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ ਪੰਜਾਬ ਦੇ 2 ਗੈਂਗਸਟਰ ਹਥਿਆਰਾਂ ਸਣੇ ਕਾਬੂ ਕੀਤੇ, ਹੋਏ ਵੱਡੇ ਖ਼ੁਲਾਸੇ

ਆਜ਼ਾਦੀ ਦਿਹਾੜੇ ਤੋਂ ਪਹਿਲਾਂ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਵਿਚ ਇਸ ਗ੍ਰਿਫਤਾਰੀ ਨੂੰ ਸਫ਼ਲਤਾ ਦੱਸਦੇ ਹੋਏ ਏ. ਟੀ.ਐਸ. ਨੇ ਇੱਕ ਬਿਆਨ ਵਿੱਚ ਦਾਅਵਾ ਕੀਤਾ ਕਿ ਆਜ਼ਮੀ ਆਈ. ਐਸ. ਆਈ. ਐਸ. ਦੀ ਭਰਤੀ ਕਰਨ ਵਾਲਿਆਂ ਨਾਲ ਸਿੱਧਾ ਸੰਪਰਕ ਵਿੱਚ ਸੀ। ਪੁੱਛ-ਗਿੱਛ ਦੌਰਾਨ ਉਸ ਦਾ ਮੋਬਾਈਲ ਫੋਨ ਸਕੈਨ ਕਰਨ ਤੋਂ ਬਾਅਦ ਆਈ. ਐਸ. ਆਈ. ਐਸ. ਦੇ ਟੈਲੀਗ੍ਰਾਮ ਚੈਨਲ ‘ਅਲ-ਸਾਕਰ ਮੀਡੀਆ’ ਨਾਲ ਉਸ ਦੇ ਸਬੰਧ ਸਾਹਮਣੇ ਆਏ। ਆਈ.ਐਸ. ਵਲੋਂ ਇਸ ਚੈਨਲ ਦੀ ਵਰਤੋਂ ਨੌਜਵਾਨਾਂ ਨੂੰ ਜੇਹਾਦ ਨਾਲ ਜੋੜਨ ਦੇ ਉਦੇਸ਼ ਨਾਲ ‘ਬ੍ਰੇਨਵਾਸ਼’ ਕਰਨ ਲਈ ਕੀਤੀ ਜਾਂਦੀ ਹੈ। ਏ. ਟੀ. ਐਸ. ਦਾ ਦਾਅਵਾ ਹੈ ਕਿ ਆਜ਼ਮੀ ਨੇ ਭਾਰਤ ਵਿੱਚ ਆਈ.ਐਸ.ਦੀ ਤਰਜ਼ ’ਤੇ ਇੱਕ ਸੰਗਠਨ ਬਣਾਇਆ ਸੀ। ਇਸ ਦੌਰਾਨ ਉਸ ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਆਰ. ਐੱਸ. ਐੱਸ. ਦੇ ਨਾਂ 'ਤੇ ਈ. ਮੇਲ ਆਈ. ਡੀ. ਬਣਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ । ਏ. ਟੀ. ਐਸ ਨੇ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਉਸ ਖ਼ਿਲਾਫ਼ ਕੇਸ ਦਰਜ ਕਰ ਕੇ ਵਿਸਥਾਰਤ ਜਾਂਚ ਸ਼ੁਰੂ ਕਰ ਦਿੱਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News