ਅੱਤਵਾਦੀ-ਗੈਂਗਸਟਰ ਗਠਜੋੜ: NIA ਵੱਲੋਂ ਪੰਜਾਬ ਸਣੇ 6 ਸੂਬਿਆਂ 'ਚ ਛਾਪੇਮਾਰੀ, ਹਿਰਾਸਤ 'ਚ ਅਰਸ਼ ਡੱਲਾ ਦਾ ਸਾਥੀ
Wednesday, Sep 27, 2023 - 06:46 PM (IST)
ਨਵੀਂ ਦਿੱਲੀ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਭਾਰਤ ਅਤੇ ਕੈਨੇਡਾ 'ਚ ਸਰਗਰਮ ਅੱਤਵਾਦੀ-ਗੈਂਗਸਟਰ ਗਠਜੋੜ 'ਤੇ ਕਾਰਵਾਈ ਦੇ ਸਬੰਧ 'ਚ 6 ਸੂਬਿਆਂ 'ਚ 51 ਥਾਵਾਂ 'ਤੇ ਬੁੱਧਵਾਰ ਨੂੰ ਛਾਪੇ ਮਾਰੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। NIA ਦੇ ਇਕ ਅਧਿਕਾਰੀ ਨੇ ਕਿਹਾ ਕਿ NIA ਲਾਰੈਂਸ ਬਿਸ਼ਨੋਈ, ਦਵਿੰਦਰ ਬੰਬੀਹਾ ਅਤੇ ਅਰਸ਼ ਡੱਲਾ ਗਿਰੋਹਾਂ ਦੇ ਸਾਥੀਆਂ ਨਾਲ ਜੁੜੇ 3 ਮਾਮਲਿਆਂ 'ਚ 6 ਸੂਬਿਆਂ ਵਿਚ 51 ਥਾਵਾਂ 'ਤੇ ਤਲਾਸ਼ੀ ਲੈ ਰਹੀ ਹੈ। ਇਹ ਛਾਪੇਮਾਰੀ ਰਾਜਸਥਾਨ 'ਚ 13 ਥਾਵਾਂ, ਪੰਜਾਬ 'ਚ 30 ਥਾਵਾਂ, ਹਰਿਆਣਾ 'ਚ 10 ਅਤੇ ਦਿੱਲੀ 'ਚ ਦੋ ਥਾਵਾਂ ਅਤੇ ਯੂ.ਪੀ 'ਚ ਵੀ ਕੀਤੀ ਗਈ।
ਇਹ ਵੀ ਪੜ੍ਹੋ- ਦਿੱਲੀ 'ਚ ਸਨਸਨੀਖੇਜ਼ ਵਾਰਦਾਤ: ਸ਼ੋਅਰੂਮ 'ਚ ਸੰਨ੍ਹ ਲਾ ਕੇ ਚੋਰਾਂ ਨੇ ਲੁੱਟੀ 25 ਕਰੋੜ ਦੀ ਜਿਊਲਰੀ
ਅਧਿਕਾਰੀਆਂ ਮੁਤਾਬਕ ਛਾਪਿਆਂ ਦੌਰਾਨ ਅਰਸ਼ ਡੱਲਾ ਗਿਰੋਹ ਦੇ ਇਕ ਸਾਥੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਦੱਸ ਦੇਈਏ ਕਿ ਲਾਰੈਂਸ ਬਿਸ਼ਨੋਈ ਇਸ ਸਮੇਂ ਰਾਜਸਥਾਨ ਦੀ ਜੇਲ੍ਹ 'ਚ ਬੰਦ ਹੈ, ਜਦਕਿ ਗੈਂਗਸਟਰ ਤੋਂ ਅੱਤਵਾਦੀ ਬਣਿਆ ਅਰਸ਼ਦੀਪ ਸਿੰਘ ਉਰਫ਼ ਡੱਲਾ ਕੈਨੇਡਾ ਵਿਚ ਹੈ ਅਤੇ ਦਵਿੰਦਰ ਬੰਬੀਹ 2016 ਵਿਚ ਪੰਜਾਬ ਪੁਲਸ ਨਾਲ ਇਕ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। NIA ਨੇ ਅੱਤਵਾਦੀਆਂ ਅਤੇ ਡਰੱਗ ਡੀਲਰਜ਼ ਵਿਚਾਲੇ ਮਿਲੀਭਗਤ ਨੂੰ ਖ਼ਤਮ ਕਰਨ ਦੇ ਮਕਸਦ ਨਾਲ ਇਹ ਕਦਮ ਚੁੱਕਿਆ ਹੈ। ਇਕ ਸੂਤਰ ਨੇ ਕਿਹਾ ਕਿ ਖਾਲਿਸਤਾਨੀ ਅੱਤਵਾਦੀ, ਸਮਰਥਕਾਂ ਅਤੇ ਸਬੰਧਿਤ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ ਸ਼ੱਕੀ ਲੋਕਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਚੱਲ ਰਹੀ ਹੈ। ਛਾਪੇਮਾਰੀ ਬੁੱਧਵਾਰ ਸਵੇਰੇ ਸ਼ੁਰੂ ਹੋਈ ਅਤੇ ਫਿਲਹਾਲ ਜਾਰੀ ਹੈ।
ਇਹ ਵੀ ਪੜ੍ਹੋ- ਘਿਨੌਣੀ ਵਾਰਦਾਤ: ਪਹਿਲਾਂ ਔਰਤ ਨੂੰ ਨਗਨ ਕਰ ਕੇ ਡੰਡਿਆਂ ਨਾਲ ਕੁੱਟਿਆ ਫਿਰ ਮੂੰਹ 'ਤੇ ਕੀਤਾ ਪਿਸ਼ਾਬ
ਕੌਣ ਹੈ ਅਰਸ਼ਦੀਪ ਡੱਲਾ
27 ਸਾਲਾ ਅਰਸ਼ਦੀਪ ਸਿੰਘ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਡੱਲਾ ਦਾ ਰਹਿਣ ਵਾਲਾ ਹੈ। ਇਕ ਰਿਪੋਰਟ ਮੁਤਾਬਕ ਉਹ ਆਪਣੀ ਪਤਨੀ ਅਤੇ ਇਕ ਨਾਬਾਲਗ ਧੀ ਨਾਲ ਕੈਨੇਡਾ ਵਿਚ ਰਹਿੰਦਾ ਹੈ। ਡੱਲਾ ਦਾ ਅਪਰਾਧਿਕ ਰਿਕਾਰਡ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਨਾਲੋਂ ਜ਼ਿਆਦਾ ਹਿੰਸਕ ਹੈ, ਜਿਸ ਨੂੰ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਇਕ ਗੁਰਦੁਆਰੇ ਦੇ ਬਾਹਰ ਮਾਰਿਆ ਗਿਆ ਸੀ।
ਦਵਿੰਦਰ ਬੰਬੀਹਾ: ਖੇਡ ਦੇ ਮੈਦਾਨ ਤੋਂ ਅਪਰਾਧ ਦੀ ਦੁਨੀਆ ਤੱਕ
ਦਵਿੰਦਰ ਬੰਬੀਹਾ ਜਿਸਦਾ ਅਸਲੀ ਨਾਂ ਦਵਿੰਦਰ ਸਿੰਘ ਸਿੱਧੂ ਸੀ, ਜੋ ਕਿ ਇਕ ਪ੍ਰਸਿੱਧ ਕਬੱਡੀ ਖਿਡਾਰੀ ਸੀ। ਉਹ ਪੜ੍ਹਾਈ 'ਚ ਚੰਗਾ ਸੀ। ਮੋਗਾ ਜ਼ਿਲ੍ਹੇ ਦੇ ਪਿੰਡ ਬੰਬੀਹਾ ਭਾਈ ਦੇ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਸੀ। ਬੰਬੀਹਾ 2010 ਵਿਚ ਜਦੋਂ ਉਹ ਬੈਚਲਰ ਆਫ਼ ਆਰਟਸ ਕਰ ਰਿਹਾ ਸੀ, ਤਾਂ ਉਸਦਾ ਨਾਂ ਇਕ ਕਤਲ ਕੇਸ 'ਚ ਸਾਹਮਣੇ ਆਇਆ ਜੋ ਉਸ ਦੇ ਪਿੰਡ ਵਿਚ ਦੋ ਸਮੂਹਾਂ ਵਿਚਾਲੇ ਹੋਏ ਝਗੜੇ ਦੌਰਾਨ ਹੋਇਆ ਸੀ।
ਕੌਣ ਹੈ ਲਾਰੈਂਸ ਬਿਸ਼ਨੋਈ?
ਲਾਰੈਂਸ ਬਿਸ਼ਨੋਈ ਇਕ ਗੈਂਗਸਟਰ ਹੈ। ਉਸ 'ਤੇ ਕਤਲ ਅਤੇ ਜਬਰੀ ਵਸੂਲੀ ਸਮੇਤ ਦੋ ਦਰਜਨ ਅਪਰਾਧਿਕ ਮਾਮਲੇ ਦਰਜ ਹਨ। ਹਾਲਾਂਕਿ ਉਸ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਲਾਰੈਂਸ ਬਿਸ਼ਨੋਈ ਫਾਜ਼ਿਲਕਾ (ਅਬੋਹਰ), ਪੰਜਾਬ ਦਾ ਵਸਨੀਕ ਹੈ। ਲਾਰੈਂਸ ਦਾ ਜਨਮ 22 ਫਰਵਰੀ 1992 ਨੂੰ ਹੋਇਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8