ਗੋਗੀ ਗਿਰੋਹ ਦਾ ਆਤੰਕ; ਜਿਮ ਸੰਚਾਲਕ ''ਤੇ ਚਲਾਈਆਂ ਗੋਲੀਆਂ, CCTV ''ਚ ਕੈਦ ਵਾਰਦਾਤ

Tuesday, Oct 22, 2024 - 10:17 AM (IST)

ਗੋਗੀ ਗਿਰੋਹ ਦਾ ਆਤੰਕ; ਜਿਮ ਸੰਚਾਲਕ ''ਤੇ ਚਲਾਈਆਂ ਗੋਲੀਆਂ, CCTV ''ਚ ਕੈਦ ਵਾਰਦਾਤ

ਸੋਨੀਪਤ- ਹਰਿਆਣਾ ਵਿਚ ਕ੍ਰਾਈਮ ਦਾ ਗਰਾਫ਼ ਵੱਧਦਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸੋਨੀਪਤ ਤੋਂ ਸਾਹਮਣੇ ਆਇਆ ਹੈ, ਜਿੱਥੇ ਪ੍ਰਾਪਰਟੀ ਡੀਲਰ ਦੇ ਦਫ਼ਤਰ 'ਚ ਗੋਗੀ ਗਿਰੋਹ ਦੇ ਬਦਮਾਸ਼ਾਂ ਦਾ ਆਤੰਕ ਵੇਖਣ ਨੂੰ ਮਿਲਿਆ। ਗੋਗੀ ਗੈਂਗ ਦੇ ਸ਼ਾਰਪ ਸ਼ੂਟਰ ਅਮਨ ਨੇ ਆਪਣੇ ਸਾਥੀਆਂ ਸਮੇਤ ਜਿਮ ਸੰਚਾਲਕ ਨਵੀਨ ਅਤੇ ਉਸ ਦੇ ਸਾਥੀਆਂ 'ਤੇ ਗੋਲੀਆਂ ਚਲਾ ਦਿੱਤੀਆਂ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਨਵੀਨ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ ਨਵੀਨ ਅਤੇ ਅਮਨ ਦਾ ਕਿਸੇ ਗੱਲ ਨੂੰ ਲੈ ਕੇ ਫੋਨ 'ਤੇ ਝਗੜਾ ਹੋਇਆ ਸੀ ਅਤੇ ਉਸ ਤੋਂ ਬਾਅਦ ਨਵੀਨ 'ਤੇ ਇਹ ਜਾਨਲੇਵਾ ਹਮਲਾ ਹੋਇਆ। ਅਮਨ ਖ਼ੁਦ ਨੂੰ ਗੋਗੀ ਗਿਰੋਹ ਦਾ ਮੈਂਬਰ ਦੱਸਦਾ ਹੈ ਅਤੇ ਉਸ ਨੇ ਕੁਝ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਪੋਸਟ ਕੀਤੀਆਂ ਹਨ। ਪੀੜਤ ਨਵੀਨ ਨੂੰ ਮੁੱਢਲੇ ਇਲਾਜ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਨਵੀਨ ਪਿੰਡ ਕੁੰਡਲੀ ਵਿਚ ਜਿਮ ਚਲਾਉਣ ਦਾ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਨੂੰ ਦੋ ਗੋਲੀਆਂ ਲੱਗੀਆਂ।

ਉੱਥੇ ਹੀ ਥਾਣਾ ਮੁਖੀ ਦੇਵੇਂਦਰ ਕੁਮਾਰ ਨੇ ਦੱਸਿਆ ਕਿ ਸਾਨੂੰ ਡਾਇਲ 112 ਤੋਂ ਸੂਚਨਾ ਮਿਲੀ ਸੀ ਕਿ ਪੇਪਰ ਮਿੱਲ ਵਿਚ ਬਣੇ ਇਕ ਪ੍ਰਾਪਰਟੀ ਦਫ਼ਤਰ ਵਿਚ ਗੋਲੀਆਂ ਚੱਲੀਆਂ ਹਨ। ਇਸ ਵਾਰਦਾਤ ਵਿਚ ਕੁੰਡਲੀ ਪਿੰਡ ਵਿਚ ਜਿਮ ਸੰਚਾਲਕ ਨਵੀਨ ਨਾਂ ਦੇ ਵਿਅਕਤੀ ਨੂੰ ਦੋ ਗੋਲੀਆਂ ਲੱਗੀਆਂ ਹਨ ਅਤੇ ਅਮਨ ਨਾਂ ਦੇ ਨੌਜਵਾਨ ਨੇ ਆਪਣੇ ਸਾਥੀਆਂ ਸਮੇਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਮਾਮਲੇ ਵਿਚ ਸੀ. ਸੀ. ਟੀ. ਵੀ. ਫੁਟੇਜ ਵੀ ਖੰਗਾਲੀ ਜਾ ਰਹੀ ਹੈ।


author

Tanu

Content Editor

Related News