ਐਕਸਪ੍ਰੈੱਸ ਵੇਅ ''ਤੇ ਚੱਲਦੇ ਵਾਹਨਾਂ ''ਤੇ ਵਰ੍ਹੇ ''ਅੱਗ ਦੇ ਗੋਲ਼ੇ'', 4 ਲੋਕਾਂ ਨੇ ਗੁਆਈ ਜਾਨ
Wednesday, Jun 14, 2023 - 05:37 AM (IST)
ਪੁਣੇ (ਭਾਸ਼ਾ): ਪੁਣੇ-ਮੁੰਬਈ ਐਕਸਪ੍ਰੈੱਸ ਵੇਅ 'ਤੇ ਮੰਗਲਵਾਰ ਨੂੰ ਰਸਾਇਣ ਨਾਲ ਭਰੇ ਇਕ ਟੈਂਕਰ ਦੇ ਹਾਦਸਾਗ੍ਰਸਤ ਹੋਣ ਨਾਲ ਉਸ ਵਿਚ ਅੱਗ ਲੱਗ ਗਈ ਜਿਸ ਦੀ ਲਪੇਟ ਵਿਚ ਆਉਣ ਨਾਲ 4 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ 3 ਲੋਕ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਹਾਦਸੇ ਤੋਂ ਬਾਅਦ ਸੜਕ 'ਤੇ ਵਾਹਨਾਂ ਦੀ ਭੀੜ ਲੱਗ ਗਈ, ਜਿਸ ਨੂੰ ਕੁੱਝ ਘੰਟਿਆਂ ਵਿਚ ਹਟਾ ਦਿੱਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਲੋਨਾਵਲਾ ਤੇ ਖੰਡਾਲਾ ਵਿਚਾਲੇ ਵਾਪਰੀ। ਉਨ੍ਹਾਂ ਦੱਸਿਆ ਕਿ ਹਾਦਸਾ ਹੋਣ ਤੋਂ ਬਾਅਦ ਟੈਂਕਰ ਵਿਚ ਅੱਗ ਲੱਗ ਗਈ ਤੇ ਰਸਾਇਣ ਵਿਚ ਧਮਾਕਾ ਹੋਣ ਨਾਲ ਨਿਕਲੇ ਅੰਗ ਦੇ ਅੰਗਿਆਰੇ ਸੜਕ 'ਤੇ ਚੱਲ ਰਹੇ ਵਾਹਨਾਂ 'ਤੇ ਡਿੱਗਣ ਲੱਗੇ।
ਇਹ ਖ਼ਬਰ ਵੀ ਪੜ੍ਹੋ - ED ਵੱਲੋਂ ਹਿਰਾਸਤ 'ਚ ਲਏ ਜਾਣ 'ਤੇ ਫੁੱਟ-ਫੁੱਟ ਕੇ ਰੋਏ ਤਮਿਲਨਾਡੂ ਦੇ ਬਿਜਲੀ ਮੰਤਰੀ, ਜਾਣੋ ਕੀ ਹੈ ਪੂਰਾ ਮਾਮਲਾ (ਵੀਡੀਓ)
ਘਟਨਾ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਲੋਨਾਵਲਾ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੜਕ 'ਤੇ ਚੱਲ ਰਹੇ 4 ਵਾਹਨ ਚਾਲਕ ਇਸ ਘਟਨਾ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ 'ਚੋਂ 3 ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਟੈਂਕਰ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 2 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਮ੍ਰਿਤਕਾਂ ਦੀ ਪਛਾਣ ਸਵਿਤਾ ਵੇਅਰ (35), ਉਸ ਦੇ ਪੁੱਤਰ ਕੁਸ਼ਲ (9) ਤੇ ਭਤੀਜੇ ਰਿਤੇਸ਼ ਕੋਸ਼ਿਰੇ (16) ਦੇ ਰੂਪ ਵਿਚ ਕੀਤੀ ਹੈ। ਹਾਦਸੇ ਵਿਚ ਮਾਰੇ ਗਏ ਟੈਂਕਰ ਵਿਚ ਸਵਾਰ ਵਿਅਕਤੀ ਦੀ ਅਜੇ ਸ਼ਨਾਖ਼ਤ ਨਹੀਂ ਹੋ ਸਕੀ।
ਇਹ ਖ਼ਬਰ ਵੀ ਪੜ੍ਹੋ - ਅਰਸ਼ਦੀਪ ਸਿੰਘ ਨੇ ਹੁਣ ਇੰਗਲੈਂਡ 'ਚ ਪਾਈ ਧੱਕ, ਇਸ ਟੀਮ ਵੱਲੋਂ ਖੇਡਦਿਆਂ ਕੀਤੀ ਸ਼ਾਨਦਾਰ ਗੇਂਦਬਾਜ਼ੀ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦਵਿੰਦਰ ਫਡਨਵੀਸ ਨੇ ਹਾਦਸੇ 'ਤੇ ਦੁੱਖ ਜਤਾਇਆ। ਉਨ੍ਹਾਂ ਕਿਹਾ, "ਹਾਦਸੇ ਵਿਚ 3 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਦਾ ਸਥਾਨਕ ਹਸਪਾਤਲ ਵਿਚ ਇਲਾਜ ਚੱਲ ਰਿਹਾ ਹੈ। ਮੈਂ ਉਨ੍ਹਾਂ ਦੇ ਤੰਦਰੁਸਤ ਹੋਣ ਦੀ ਪ੍ਰਾਰਥਨਾ ਕਰਦਾ ਹਾਂ।" ਉਨ੍ਹਾਂ ਕਿਹਾ ਕਿ ਸੂਬਾ ਪੁਲਸ, ਰਾਜਮਾਰਗ ਪੁਲਸ, ਆਈ.ਐੱਨ.ਐੱਸ. ਸ਼ਿਵਾਜੀ ਦੇ ਮੁਲਾਜ਼ਮ ਤੇ ਫਾਇਰ ਬ੍ਰਿਗੇਡ ਮੌਕੇ 'ਤੇ ਤਾਇਨਾਤ ਹਨ ਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਐਕਸਪ੍ਰੈੱਸ ਵੇਅ ਦੇ ਦੋਵੇਂ ਪਾਸੇ ਵਾਹਨਾਂ ਦੀ ਆਵਾਜਾਈ ਮੁੜ ਸ਼ੁਰੂ ਹੋ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।