ਵਾਲ-ਵਾਲ ਬਚੇ ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ, ਮੰਚ ਦਾ ਟੈਂਟ ਡਿੱਗਣ ਨਾਲ ਮਚੀ ਭਾਜੜ
Wednesday, Jun 26, 2024 - 12:49 PM (IST)
ਸ਼ਿਵਪੁਰੀ- ਮੱਧ ਪ੍ਰਦੇਸ਼ ਦੇ ਸ਼ਿਵਪੁਰੀ 'ਚ ਕੇਂਦਰੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਦੇ ਪ੍ਰੋਗਰਾਮ 'ਚ ਵੱਡਾ ਹਾਦਸਾ ਵੇਖਣ ਨੂੰ ਮਿਲਿਆ ਹੈ। ਸਿੰਧੀਆ ਦੇ ਸਮਾਗਮ ਵਾਲੀ ਥਾਂ 'ਤੇ ਲੱਗਾ ਟੈਂਟ ਤੇਜ਼ ਤੂਫਾਨ ਕਾਰਨ ਡਿੱਗ ਗਿਆ। ਸਿੰਧੀਆ ਦੇਰ ਰਾਤ ਸ਼ਿਵਪੁਰੀ ਵਿਚ ਇਕ ਧੰਨਵਾਦ ਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਤੇਜ਼ ਮੀਂਹ ਅਤੇ ਹਨੇਰੀ ਸ਼ੁਰੂ ਹੋ ਗਈ, ਜਿਸ ਕਾਰਨ ਸਮਾਗਮ ਵਾਲੀ ਥਾਂ 'ਤੇ ਲਾਇਆ ਟੈਂਟ ਡਿੱਗ ਗਿਆ। ਗਨੀਮਤ ਇਹ ਰਹੀ ਕਿ ਸਿੰਧੀਆ ਅਤੇ ਮੌਕੇ 'ਤੇ ਮੌਜੂਦ ਲੋਕ ਸੁਰੱਖਿਅਤ ਬਚ ਗਏ। ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਸੂਤਰਾਂ ਅਨੁਸਾਰ ਜਿਵੇਂ ਹੀ ਟੈਂਟ ਡਿੱਗਿਆ, ਬਿਜਲੀ ਸਪਲਾਈ ਤੁਰੰਤ ਬੰਦ ਕਰ ਦਿੱਤੀ ਗਈ, ਤਾਂ ਜੋ ਕਰੰਟ ਲੱਗਣ ਆਦਿ ਦੀ ਕੋਈ ਘਟਨਾ ਨਾ ਵਾਪਰ ਸਕੇ। ਸਿੰਧੀਆ ਗੁਨਾ-ਸ਼ਿਵਪੁਰੀ ਹਲਕੇ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਕੱਲ੍ਹ ਪਹਿਲੀ ਵਾਰ ਸ਼ਿਵਪੁਰੀ ਪਹੁੰਚੇ, ਜਿੱਥੇ ਉਨ੍ਹਾਂ ਨੇ ਧੰਨਵਾਦ ਸਭਾ ਕੀਤੀ।
ਸਿੰਧੀਆ ਗੁਨਾ ਤੋਂ ਸ਼ਿਵਪੁਰੀ ਵਿਚ ਦਾਖ਼ਲ ਹੋਏ ਅਤੇ ਉਸ ਤੋਂ ਬਾਅਦ ਭਾਰੀ ਜਨ ਸਮਰਥਨ ਦਰਮਿਆਨ ਉਨ੍ਹਾਂ ਨੇ ਜਨਤਾ ਦਾ ਆਸ਼ੀਰਵਾਦ ਲਿਆ। ਸ਼ਾਮ ਦੇ ਸਮੇਂ ਸਿੰਧੀਆ ਦੀ ਸਭਾ ਸ਼ਹਿਰ ਦੇ ਮਾਧਵ ਚੌਕ 'ਤੇ ਹੋ ਰਹੀ ਸੀ। ਇਸ ਦੌਰਾਨ ਤੇਜ਼ ਹਵਾ ਨਾਲ ਮੀਂਹ ਸ਼ੁਰੂ ਹੋ ਗਿਆ। ਮੰਚ 'ਤੇ ਸਿੰਧੀਆ ਸਮੇਤ ਉਨ੍ਹਾਂ ਦੇ ਸਮਰਥਕ ਅਤੇ ਵਿਧਾਇਕ ਮੌਜੂਦ ਸਨ। ਵੇਖਦੇ ਹੀ ਵੇਖਦੇ ਅਚਾਨਕ ਤੇਜ਼ ਹਵਾ ਆਉਣ ਲੱਗੀ ਅਤੇ ਉਸ ਤੋਂ ਬਾਅਦ ਮੰਚ ਦਾ ਟੈਂਟ ਡਿੱਗ ਗਿਆ। ਸਮਰਥਕਾਂ ਨੇ ਸਿੰਧੀਆ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਸੁਰੱਖਿਅਤ ਬਾਹਰ ਕੱਢਿਆ। ਘਟਨਾ ਮਗਰੋਂ ਪ੍ਰੋਗਰਾਮ ਨੂੰ ਮੁਲਤਵੀ ਕਰ ਦਿੱਤਾ ਗਿਆ। ਸਿੰਧੀਆ ਸ਼ਿਵਪੁਰੀ ਤੋਂ ਸਿੱਧੇ ਗਵਾਲੀਅਰ ਪਹੁੰਚੇ, ਜਿੱਥੇ ਉਹ ਰਾਤ ਲੱਗਭਗ 11 ਵਜੇ ਦਿੱਲੀ ਲਈ ਟਰੇਨ ਤੋਂ ਰਵਾਨਾ ਹੋ ਜਾਣਗੇ।