ਮੀਂਹ ਦੌਰਾਨ ਪੱਥਰ ਦੀ ਖਾਨ ਢਹਿਣ ਨਾਲ 10 ਲੋਕਾਂ ਦੀ ਮੌਤ, ਕਈ ਲਾਪਤਾ
Tuesday, May 28, 2024 - 11:24 AM (IST)
ਆਈਜ਼ੌਲ (ਭਾਸ਼ਾ)- ਮਿਜ਼ੋਰਮ ਦੇ ਆਈਜ਼ੌਲ ਜ਼ਿਲ੍ਹੇ 'ਚ ਪੱਥਰ ਦੀ ਖਾਨ ਢਹਿਣ ਨਾਲ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਲਾਪਤਾ ਹੋ ਗਏ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਇਲਾਕੇ 'ਚ ਅੱਜ ਯਾਨੀ ਮੰਗਲਵਾਰ ਸਵੇਰੇ ਲਗਾਤਾਰ ਮੀਂਹ ਦਰਮਿਆਨ ਇਹ ਹਾਦਸਾ ਵਾਪਰਿਆ। ਪੁਲਸ ਨੇ ਦੱਸਿਆ ਕਿ ਘਟਨਾ ਆਈਜ਼ੌਲ ਸ਼ਹਿਰ ਦੇ ਦੱਖਣੀ ਬਾਹਰੀ ਹਿੱਸੇ 'ਚ ਸਥਿਤ ਮੇਲਥਮ ਅਤੇ ਹਲੀਮੇਨ ਦਰਮਿਆਨ ਇਲਾਕੇ 'ਚ ਸਵੇਰੇ ਕਰੀਬ 6 ਵਜੇ ਵਾਪਰੀ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਕਈ ਹੋਰ ਲੋਕ ਮਲਬੇ 'ਚ ਫਸੇ ਹੋਏ ਹਨ।
ਪੁਲਸ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਕਾਰਨ ਬਚਾਅ ਮੁਹਿੰਮ ਪ੍ਰਭਾਵਿਤ ਹੋ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਕਾਰਨ ਰਾਜ 'ਚ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਵੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੁਨਥਰ 'ਚ ਨੈਸ਼ਨਲ ਹਾਈਵੇਅ 6 'ਤੇ ਜ਼ਮੀਨ ਖਿਸਕਣ ਕਾਰਨ ਆਈਜ਼ੌਲ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੱਖ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਈ ਅੰਤਰ-ਰਾਜੀ ਰਾਜਮਾਰਗ ਵੀ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹੋਏ ਹਨ। ਮੀਂਹ ਕਾਰਨ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰਮਚਾਰੀਆਂ ਨੂੰ ਛੱਡ ਕੇ ਸਰਕਾਰੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8