ਸ਼ਰਧਾ ਦਾ ਸੈਲਾਬ! ਤਾਰਿਣੀ ਮਾਤਾ ਮੰਦਰ 'ਚ ਹਰ ਸਾਲ ਚੜ੍ਹਦੇ ਹਨ 40 ਕਰੋੜ ਰੁਪਏ ਦੇ ਨਾਰੀਅਲ
Monday, Jan 02, 2023 - 02:15 PM (IST)
ਓਡੀਸ਼ਾ- ਓਡੀਸ਼ਾ ਦੇ ਕੇਂਉਝਰ ਪਿੰਡ 'ਚ ਸਥਿਤ ਇਸ ਮੰਦਰ 'ਚ ਮਾਤਾ ਸਤੀ ਦਾ ਸਤਨ ਡਿੱਗਿਆ ਸੀ, ਇਸ ਲਈ ਇਸ ਨੂੰ ਸ਼ਕਤੀਪੀਠ ਕਿਹਾ ਜਾਂਦਾ ਹੈ। ਇਸ ਮੰਦਰ ਨੂੰ ਤਾਰਿਣੀ ਮਾਤਾ ਮੰਦਰ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਮੰਦਰ ਇਸ ਲਈ ਵੀ ਪ੍ਰਸਿੱਧ ਹੈ, ਕਿਉਂਕਿ ਇੱਥੇ ਮਾਤਾ ਰਾਣੀ ਨੂੰ ਨਾਰੀਅਲ ਚੜ੍ਹਾਉਣ ਦੀ ਪਰੰਪਰਾ ਹੈ। ਇੱਥੇ ਹਰ ਦਿਨ ਦੇਵੀ ਨੂੰ ਲਗਭਗ 30 ਹਜ਼ਾਰ ਨਾਰੀਅਲ ਚੜ੍ਹਾਏ ਜਾਂਦੇ ਹਨ। ਇਸ ਹਿਸਾਬ ਨਾਲ ਮੰਦਰ 'ਚ ਸਾਲ ਭਰ 'ਚ ਲਗਭਗ 40 ਕਰੋੜ ਰੁਪਏ ਦੇ ਨਾਰੀਅਲ ਪਹੁੰਚਦੇ ਹਨ। ਇੰਨੇ ਨਾਰੀਅਲ ਇੱਥੇ ਕਿਵੇਂ ਆਉਂਦੇ ਹਨ, ਇਹ ਜਾਣਨਾ ਬਹੁਤ ਹੀ ਦਿਲਚਸਪ ਹੈ।
ਤਾਰਿਣੀ ਮਾਤਾ ਮੰਦਰ 'ਚ ਜੋ ਨਾਰੀਅਲ ਚੜ੍ਹਾਏ ਜਾਂਦੇ ਹਨ, ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਭੇਜੇ ਜਾਂਦੇ ਹਨ। ਮੰਨ ਲਵੋ ਜੇਕਰ ਤੁਸੀਂ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ, ਝਾਰਖੰਡ ਜਾਂ ਦੇਸ਼ ਦੇ ਕਿਸੇ ਵੀ ਹਿੱਸੇ 'ਚ ਰਹਿੰਦੇ ਹਨ ਅਤੇ ਮਾਤਾ ਰਾਣੀ ਨੂੰ ਨਾਰੀਅਲ ਚੜ੍ਹਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੰਦਰ ਤੱਕ ਆਉਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸਿਰਫ਼ ਓਡੀਸ਼ਾ ਆਉਣ ਵਾਲੇ ਟਰੱਕ ਜਾਂ ਬੱਸ ਦੇ ਡਰਾਈਵਰ ਨੂੰ ਨਾਰੀਅਲ ਦੇਣਾ ਹੈ ਤਾਂ ਮਾਤਾ ਦੇ ਦਰਬਾਰ 'ਚ ਤੁਹਾਡਾ ਦਿੱਤਾ ਨਾਰੀਅਲ ਪਹੁੰਚਾ ਦੇਵੇਗਾ। ਇਹ ਪਰੰਪਰਾ ਪਿਛਲੇ 600 ਸਾਲਾਂ ਤੋਂ ਚੱਲੀ ਆ ਰਹੀ ਹੈ। ਓਡੀਸ਼ਾ ਦੇ 30 ਜ਼ਿਲ੍ਹਿਆਂ 'ਚ ਨਾਰੀਅਲ ਲਈ ਬਾਕਸ ਰੱਖਵਾਏ ਗਏ ਹਨ। ਡਰਾਈਵਰ ਇਨ੍ਹਾਂ 'ਚ ਨਾਰੀਅਲ ਪਾ ਦਿੰਦੇ ਹਨ ਅਤੇ ਉੱਥੋਂ ਇਨ੍ਹਾਂ ਨੂੰ ਮੰਦਰ 'ਚ ਭੇਜ ਦਿੱਤਾ ਜਾਂਦਾ ਹੈ।
ਇਕ ਰਿਪੋਰਟ ਅਨੁਸਾਰ ਮੰਦਰ 'ਚ ਲਗਭਗ 30 ਹਜ਼ਾਰ ਨਾਰੀਅਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਭਗਤਾਂ ਵਲੋਂ ਮਾਤਾ ਨੂੰ ਭੇਜੇ ਜਾਂਦੇ ਹਨ। ਇਸ ਤਰ੍ਹਾਂ ਲਗਭਗ 1 ਕਰੋੜ ਨਾਰੀਅਲ ਸਾਲ ਭਰ 'ਚ ਇੱਥੇ ਆਉਂਦੇ ਹਨ। ਇਨ੍ਹਾਂ ਨਾਰੀਅਲਾਂ ਤੋਂ ਹੀ ਮੰਦਰ ਨੂੰ ਲਗਭਗ ਸਾਢੇ ਤਿੰਨ ਕਰੋੜ ਰੁਪਏ ਮਹੀਨਾਵਾਰ ਅਤੇ 40 ਕਰੋੜ ਰੁਪਏ ਸਾਲਾਨਾ ਦੀ ਕਮਾਈ ਹੋ ਜਾਂਦੀ ਹੈ। ਪ੍ਰਾਚੀਨ ਮਾਨਤਾਵਾਂ ਅਨੁਸਾਰ, ਕੇਂਉਝਰ ਦੇ ਸਾਬਕਾ ਰਾਜਾ ਗੋਬਿੰਦਾ ਭੰਜਦੇਵ ਨੇ ਮਾਂ ਤਾਰਿਣੀ ਦਾ ਇਹ ਮੰਦਰ 1480 'ਚ ਬਣਵਾਇਆ ਸੀ। ਕਾਂਚੀ ਯੁੱਧ ਦੌਰਾਨ ਰਾਜਾ ਮਾਂ ਨੂੰ ਪੁਰੀ ਤੋਂ ਕੇਂਉਝਰ ਲਿਆ ਰਿਹਾ ਸੀ ਪਰ ਸ਼ਰਤ ਸੀ ਕਿ ਰਾਜਾ ਨੇ ਪਿੱਛੇ ਮੁੜ ਕੇ ਨਹੀਂ ਦੇਖਣਾ ਸੀ ਨਹੀਂ ਤਾਂ ਮਾਤਾ ਉੱਥੇ ਰੁਕ ਜਾਵੇਗੀ। ਘਟਗਾਂਵ ਕੋਲ ਜੰਗਲਾਂ 'ਚ ਰਾਜਾ ਨੂੰ ਅਜਿਹਾ ਲੱਗਾ ਕਿ ਮਾਤਾ ਉਸ ਦੇ ਪਿੱਛੇ ਨਹੀਂ ਆ ਰਹੀ, ਇਹੀ ਦੇਖਣ ਲਈ ਜਿਵੇਂ ਹੀ ਉਹ ਪਿੱਛੇ ਪਲਟਿਆ ਮਾਤਾ ਉਸੇ ਸਥਾਨ 'ਤੇ ਸਥਿਤ ਹੋ ਗਈ। ਰਾਜਾ ਨੇ ਵੀ ਉਸੇ ਸਥਾਨ 'ਤੇ ਮਾਤਾ ਦਾ ਮੰਦਰ ਬਣਵਾ ਦਿੱਤਾ।