ਹੁਣ ਤਾਮਿਲਨਾਡੂ ''ਚ ਵੀ ਕਹਿਰ ਵਰ੍ਹਾਉਣ ਲੱਗੀ ਠੰਡ ! 0 ਤੋਂ ਵੀ ਹੇਠਾਂ ਆ ਗਿਆ ਤਾਪਮਾਨ

Wednesday, Dec 24, 2025 - 02:56 PM (IST)

ਹੁਣ ਤਾਮਿਲਨਾਡੂ ''ਚ ਵੀ ਕਹਿਰ ਵਰ੍ਹਾਉਣ ਲੱਗੀ ਠੰਡ ! 0 ਤੋਂ ਵੀ ਹੇਠਾਂ ਆ ਗਿਆ ਤਾਪਮਾਨ

ਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਉੱਤਰੀ ਭਾਰਤ 'ਚ ਠੰਡ ਕਾਰਨ ਬੁਰਾ ਹਾਲ ਹੋਇਆ ਪਿਆ ਹੈ, ਉੱਥੇ ਹੀ ਤਾਮਿਲਨਾਡੂ ਦੇ ਪ੍ਰਸਿੱਧ ਹਿੱਲ ਸਟੇਸ਼ਨ ਊਟੀ ਵਿੱਚ ਕੜਾਕੇ ਦੀ ਠੰਢ ਪੈ ਰਹੀ ਹੈ। ਇੱਥੇ ਇਸ ਸਮੇਂ ਦੌਰਾਨ ਪਹਿਲਾਂ ਜਿੱਥੇ ਤਾਪਮਾਨ 5-10 ਡਿਗਰੀ ਦੇ ਵਿਚਕਾਰ ਰਹਿੰਦਾ ਸੀ, ਪਰ ਇਸ ਵਾਰ ਇਹ ਤਾਪਮਾਨ 0 ਡਿਗਰੀ ਤੋਂ ਵੀ ਹੇਠਾਂ ਚਲਾ ਗਿਆ ਹੈ। 

ਊਟੀ ਦੇ ਥਲਾਈਕੁੰਡਾ ਖੇਤਰ ਵਿੱਚ ਤਾਪਮਾਨ -1 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ, ਜਦਕਿ ਇਲਾਕੇ ਦੇ ਕਈ ਹੋਰ ਹਿੱਸਿਆਂ ਵਿੱਚ ਵੀ ਪਾਰਾ -0.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਨੀਲਗਿਰੀ ਜ਼ਿਲ੍ਹੇ ਵਿੱਚ ਪਿਛਲੇ 10 ਦਿਨਾਂ ਤੋਂ ਕੋਹਰੇ ਕਾਰਨ ਠੰਡ ਹੱਡ ਚੀਰ ਰਹੀ ਹੈ, ਜਿਸ ਕਾਰਨ ਸਥਾਨਕ ਲੋਕਾਂ ਦਾ ਰੋਜ਼ਾਨਾ ਜੀਵਨ ਅਤੇ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ ਹੈ।

ਇਸ ਹੱਡ ਚੀਰਵੀਂ ਠੰਡ ਤੇ ਬਰਫੀਲੀ ਹਵਾ ਦੇ ਬਾਵਜੂਦ, ਸੈਲਾਨੀਆਂ ਦਾ ਉਤਸ਼ਾਹ ਘੱਟ ਨਹੀਂ ਹੋਇਆ ਹੈ। ਤਾਮਿਲਨਾਡੂ ਤੋਂ ਇਲਾਵਾ ਗੁਆਂਢੀ ਸੂਬਿਆਂ ਜਿਵੇਂ ਕੇਰਲ ਅਤੇ ਕਰਨਾਟਕ ਤੋਂ ਵੀ ਹਜ਼ਾਰਾਂ ਸੈਲਾਨੀ ਰੋਜ਼ਾਨਾ ਇਸ ਮੌਸਮ ਦਾ ਆਨੰਦ ਲੈਣ ਪਹੁੰਚ ਰਹੇ ਹਨ। ਬੁੱਧਵਾਰ ਨੂੰ ਸੈਲਾਨੀਆਂ ਨੂੰ ਗੱਡੀਆਂ ਉੱਤੇ ਜੰਮੀ ਬਰਫ਼ ਨੂੰ ਸਾਫ਼ ਕਰਦੇ ਅਤੇ ਉਸ ਨਾਲ ਖੇਡਦੇ ਦੇਖਿਆ ਗਿਆ। ਸੈਲਾਨੀਆਂ ਦਾ ਕਹਿਣਾ ਹੈ ਕਿ ਉਹ ਇਸ ਨਜ਼ਾਰੇ ਨੂੰ ਕਾਫ਼ੀ ਦੂਰੋਂ ਦੇਖਣ ਪਹੁੰਚੇ ਹਨ। ਉੱਥੇ ਹੀ ਕਈ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੇ ਇੱਥੇ ਇਸ ਤਰ੍ਹਾਂ ਦਾ ਨਜ਼ਾਰਾ ਪਹਿਲਾਂ ਕਦੇ ਨਹੀਂ ਵੇਖਿਆ।

ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜੰਗਲਾਤ ਵਿਭਾਗ ਨੇ ਸੁਰੱਖਿਆ ਕਾਰਨਾਂ ਕਰਕੇ ਕਾਮਰਾਜ ਸਾਗਰ ਡੈਮ ਦੇ ਨੇੜਲੇ ਮੈਦਾਨੀ ਇਲਾਕਿਆਂ ਵਿੱਚ ਸੈਲਾਨੀਆਂ ਦੇ ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਕਾਰਨ ਕਈ ਸੈਲਾਨੀਆਂ ਨੂੰ ਨਿਰਾਸ਼ ਹੋਣਾ ਪਿਆ ਅਤੇ ਉਹ ਸੜਕ ਕਿਨਾਰੇ ਖੜ੍ਹੇ ਹੋ ਕੇ ਦੂਰੋਂ ਹੀ ਨਜ਼ਾਰਿਆਂ ਦਾ ਆਨੰਦ ਮਾਣ ਰਹੇ ਹਨ।


author

Harpreet SIngh

Content Editor

Related News