ਚੀਨੀ ਟੈਲੀਕਾਮ ਕੰਪਨੀਆਂ ’ਤੇ ਜਲਦ ਹੋ ਸਕਦੀ ਹੈ ਸਰਜੀਕਲ ਸਟ੍ਰਾਈਕ
Thursday, Dec 17, 2020 - 06:38 PM (IST)
ਗੈਜੇਟ ਡੈਸਕ– ਕੈਬਨਿਟ ਨੇ ਬੁੱਧਵਾਰ ਨੂੰ ਇਕ ਕਮੇਟੀ ਬਣਾਈ ਹੈ ਜੋ ਟੈਲੀਕਾਮ ਖ਼ੇਤਰ ’ਚ ਖ਼ਰੀਦੇ ਜਾਣ ਵਾਲੇ ਡਿਵਾਈਸ ਅਤੇ ਤਮਾਮ ਵੈਂਡਰਾਂ ਨੂੰ ਅੰਤਿਮ ਰੂਪ ਦੇਵੇਗੀ। ਰਾਸ਼ਟਰੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਕਮੇਟੀ ਅਜਿਹੇ ਸਰੋਤਾਂ ਦੀ ਸੂਚੀ ਵੀ ਤਿਆਰ ਕਰੇਗੀ ਜਿਨ੍ਹਾਂ ਨਾਲ ਕੋਈ ਖ਼ਰੀਦ ਨਹੀਂ ਹੋਵੇਗੀ। ਚੀਨ ਨਾਲ ਮੌਜੂਦਾ ਤਣਾਅ ਵਿਚਕਾਰ ਚੀਨ ਨਾਲ ਜੁੜੇ ਵੈਂਡਰਾਂ ਨੂੰ ਬਲੈਕ ਲਿਸਟ ਕਰ ਸਕਦੀ ਹੈ। ਸਰਕਾਰ ਪਹਿਲਾਂ ਹੀ ਕਈ ਚੀਨੀ ਐਪਸ ਨੂੰ ਦੇਸ਼ ’ਚ ਬੈਨ ਕਰ ਚੁੱਕੀ ਹੈ। ਕਮੇਟੀ ਟੈਲੀਕਾਮ ਨੈੱਟਵਰਕ ਲਈ ਭਰੋਸੇਮੰਦ ਵੈਂਡਰ ਅਤੇ ਪ੍ਰੋਡਕਟ ਦੀ ਲਿਸਟ ਜਾਰੀ ਕਰੇਗੀ।
ਇਸੇ ਲਿਸਟ ਦੇ ਹਿਸਾਬ ਨਾਲ ਡਿਵਾਈਸ ਤੋਂ ਲੈ ਕੇ ਤਮਾਮ ਟੈਲੀਕਾਮ ਨਾਲ ਜੁੜੀਆਂ ਚੀਜ਼ਾਂ ਦੀ ਖਰੀਦ ਹੋਵੇਗੀ। ਟੈਲੀਕਾਮ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਕਿਹਾ ਕਿ ਇਹ ਰਾਸ਼ਟਰੀ ਸੁਰੱਖਿਆ ਨੂੰ ਵੇਖਦੇ ਹੋਏ ਅਹਿਮ ਫੈਸਲਾ ਹੈ। ਕਮੇਟੀ ਦੇ ਪ੍ਰਧਾਨ ਡਿਪਟੀ ਐੱਨ.ਐੱਸ.ਏ. ਹੋਣਗੇ ਅਤੇ ਇਸ ਵਿਚ ਸੰਬੰਧਿਤ ਮੰਤਰਾਲਿਆਂ ਦੇ ਮੈਂਬਰਾਂ ਤੋਂ ਇਲਾਵਾ ਟੈਲੀਕਾਮ ਇੰਡਸਟਰੀ ਤੋਂ ਦੋ ਮੈਂਬਰ ਅਤੇ ਇਕ ਮਾਹਿਰ ਹੋਣਗੇ। ਇਸ ਕਮੇਟੀ ਨੂੰ ਟੈਲੀਕਾਮ ’ਤੇ ਰਾਸ਼ਟਰੀ ਸੁਰੱਖਿਆ ਸਮੀਤੀ ਕਿਹਾ ਜਾਵੇਗਾ। ਸੂਤਰਾਂ ਮੁਤਾਬਕ, ਅਗਲੇ 7 ਦਿਨਾਂ ਦੇ ਅੰਦਰ ਕਮੇਟੀ ਨਾਲ ਜੁੜੀ ਸੂਚਨਾ ਜਾਰੀ ਕਰ ਦਿੱਤੀ ਜਾਵੇਗੀ।
ਕਮੇਟੀ ਅਜਿਹੇ ਸਮੇਂ ’ਚ ਬਣਾਈ ਗਈ ਹੈ ਜਦੋਂ ਟੈਲੀਕਾਮ ਖੇਤਰ ’ਚ ਚੀਨੀ ਦਖਲ ਅਤੇ ਇਸ ਨੂੰ ਲੈ ਕੇ ਸੁਰੱਖਿਆ ਦੇ ਖਦਸ਼ੇ ’ਤੇ ਸਵਾਲ ਉੱਠ ਰਹੇ ਹਨ। ਅਮਰੀਕਾ ਸਮੇਤ ਕਈ ਯੂਰਪੀ ਦੇਸ਼ਾਂ ਨੇ ਪਹਿਲਾਂ ਹੀ ਟੈਲੀਕਾਮ ਸੈਕਟਰ ’ਚ ਚੀਨੀ ਦਖਲ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਸਖਤ ਕਦਮ ਚੁੱਕੇ ਹਨ।
ਦੱਸ ਦੇਈਏ ਕਿ ਕੈਬਨਿਟ ਨੇ ਸਪੈਕਟ੍ਰਮ ਨਿਲਾਮੀ ਦੇ ਨਵੇਂ ਦੌਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਿਲਾਮੀ ਦੀ ਸ਼ਰਤ 2016 ਮੁਤਾਬਕ, ਹੀ ਹੋਵੇਗੀ ਅਤੇ ਨਿਲਾਮੀ ਮਾਰਚ ’ਚ ਹੋਵੇਗੀ। ਇਸ ਵਿਚ ਕੁਲ 2.251 ਮੈਗਾਹਰਟਜ਼ ਫ੍ਰੀਕਵੈਂਸੀ ਦੀ ਵਿਕਰੀ ਕੀਤੀ ਜਾਵੇਗੀ, ਹਾਲਾਂਕਿ ਇਸ ਵਿਚ 5ਜੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਨਾਲ ਸਰਕਾਰ ਨੂੰ ਲਗਭਗ 4 ਲੱਖ ਕਰੋੜ ਦੀ ਕਮਾਈ ਹੋਣ ਦੀ ਉਮੀਦ ਹੈ। ਉਥੇ ਹੀ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਇਸ ਨਿਲਾਮੀ ਬਾਰੇ ਪੂਰੀ ਜਾਣਕਾਰੀ ਇਕ ਹਫਤੇ ’ਚ ਜਾਰੀ ਕੀਤੀ ਜਾਵੇਗੀ।