ਤੇਲੰਗਾਨਾ ਪਣਬਿਜਲੀ ਪਲਾਂਟ ਅੱਗ : 6 ਕਰਮੀਆਂ ਦੀਆਂ ਲਾਸ਼ਾਂ ਬਰਾਮਦ, 3 ਦੇ ਫਸੇ ਹੋਣ ਦਾ ਖਦਸ਼ਾ
Friday, Aug 21, 2020 - 05:37 PM (IST)

ਹੈਦਰਾਬਾਦ- ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ 'ਚ ਸ਼੍ਰੀਸੈਲਮ ਪ੍ਰਾਜੈਕਟ ਦੇ ਪਣਬਿਜਲੀ ਪਲਾਂਟ 'ਚ ਵੀਰਵਾਰ ਰਾਤ ਲੱਗੀ ਭਿਆਨਕ ਅੱਗ 'ਚ 6 ਕਰਮੀਆਂ ਦੀ ਝੁਲਸ ਕੇ ਮੌਤ ਹੋ ਗਈ। ਸਾਰਿਆਂ ਦੀਆਂ ਲਾਸ਼ਾਂ ਸ਼ੁੱਕਰਵਾਰ ਨੂੰ ਬਰਾਮਦ ਕੀਤੀਆਂ ਗਈਆਂ। ਇਨ੍ਹਾਂ 'ਚੋਂ ਤਿੰਨ ਮ੍ਰਿਤਕਾਂ ਦੀ ਪਛਾਣ ਸਹਾਇਕ ਇੰਜੀਨੀਅਰ ਸੁੰਦਰ, ਮੋਹਨ ਕੁਮਾਰ ਅਤੇ ਉਜਮਾ ਫਾਤਿਮਾ ਦੇ ਰੂਪ 'ਚ ਕੀਤੀ ਗਈ ਹੈ। ਤਿੰਨ ਹੋਰ ਲਾਸ਼ਾਂ ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ। 5 ਮੰਜ਼ਲਾਂ ਪਣਬਿਜਲੀ ਪਲਾਂਟ ਦੀ ਤੀਜੀ ਮੰਜ਼ਲ 'ਤੇ ਸੁੰਦਰ ਦੀ ਲਾਸ਼ ਬਰਾਮਦ ਕੀਤੀ ਗਈ। ਇਹ 6 ਲੋਕ ਉਨ੍ਹਾਂ 9 ਲੋਕਾਂ 'ਚ ਸ਼ਾਮਲ ਹਨ, ਜੋ ਪਲਾਂਟ 'ਚ ਲੱਗੀ ਅੱਗ 'ਚ ਫਸ ਗਏ ਸਨ।
ਸ਼੍ਰੀਸੈਲਮ ਪਣਬਿਜਲੀ ਪਲਾਂਟ 'ਚ ਜਦੋਂ ਅੱਗ ਲੱਗੀ, ਉਸ ਸਮੇਂ ਪਾਵਰ ਪੈਨਲ 'ਚ 30 ਕਰਮੀ ਮੌਜੂਦ ਸਨ, ਜਿਨ੍ਹਾਂ 'ਚੋਂ 15 ਕਰਮੀ ਖੁਦ ਸੁਰੰਗ ਰਾਹੀਂ ਬਾਹਰ ਨਿਕਲਣ 'ਚ ਕਾਮਯਾਬ ਹੋ ਗਏ ਅਤੇ 6 ਕਰਮੀਆਂ ਨੂੰ ਬਚਾਅ ਦਲ ਨੇ ਬਚਾ ਲਿਆ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਪਲਾਂਟ 'ਚ ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਿਟ ਹੋਣਾ ਦੱਸਿਆ ਜਾਂਦਾ ਹੈ। ਇਸ ਵਿਚ ਤੇਲੰਗਾਨਾ ਦੇ ਮੰਤਰੀ ਜਗਦੀਸ਼ ਰੈੱਡੀ ਅਤੇ ਤੇਲੰਗਾਨਾ ਗੇਨਕੋ ਦੇ ਪ੍ਰਧਾਨ ਅਤੇ ਪ੍ਰਬੰਧ ਨਿਰਦੇਸ਼ਕ ਡੀ. ਪ੍ਰਭਾਕਰ ਰਾਵ ਬਚਾਅ ਮੁਹਿੰਮ ਦੀ ਸਮੀਖਿਆ ਕਰਨ ਲਈ ਹਾਦਸੇ ਵਾਲੀ ਜਗ੍ਹਾ ਪਹੁੰਚੇ ਹਨ। ਘਟਨਾ ਦੇ ਤੁਰੰਤ ਬਾਅਦ ਪਲਾਂਟ ਤੋਂ ਬਿਜਲੀ ਉਤਪਾਦਨ ਕੰਮ ਬੰਦ ਕਰ ਦਿੱਤਾ ਗਿਆ ਹੈ।