ਤੇਲੰਗਾਨਾ : ਪੋਂਜੀ ਘਪਲੇ 'ਚ ਈ.ਡੀ. ਦੀ ਵੱਡੀ ਕਾਰਵਾਈ, ਜ਼ਬਤ ਕੀਤੀ 278 ਕਰੋੜ ਦੀ ਸੰਪਤੀ

09/17/2019 8:59:06 PM

ਨਵੀਂ ਦਿੱਲੀ— ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਵਾਰ ਨੂੰ ਕਿਹਾ ਕਿ ਉਸ ਨੇ ਕਥਿਤ ਤੌਰ 'ਤੇ ਪੋਂਜੀ ਘਪਲਾ ਮਾਮਲੇ 'ਚ ਮਨੀ ਲਾਂਡਰਿੰਗ ਜਾਂਚ ਦੇ ਤਹਿਤ ਤੇਲੰਗਾਨਾ ਸਥਿਤ ਬਹੁਪੱਧਰੀ ਮਾਰਕੀਟਿੰਗ ਕੰਪਨੀ ਸਮੂਹ ਦੀ 278 ਕਰੋੜ ਰੁਪਏ ਦੀ ਸੰਪਤੀ ਕੂਰਕ ਕੀਤੀ ਹੈ। ਈ.ਡੀ. ਦੀ ਜਾਰੀ ਰਿਪੋਰਟ ਮੁਤਾਬਕ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਜਾਰੀ ਇਕ ਅਸਥਾਈ ਆਦੇਸ਼ 'ਚ ਈਬਿਜ ਡਾਟ ਕਾਮ ਪ੍ਰਾ. ਲਿ. ਦੇ ਪ੍ਰਮੋਟਰ ਪਵਨ ਮਾਲਹਨ ਤੇ ਅਨਿਤਾ ਮਾਲਹਨ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਹਿਯੋਗੀਆਂ ਦੇ ਬੈਂਕ ਖਾਤਿਆਂ, ਉਨ੍ਹਾਂ ਦੇ ਦਿੱਲੀ, ਨੋਇਡਾ ਸਥਿਤ ਰਿਹਾਇਸ਼ੀ ਘਰਾਂ, ਅਪਾਰਟਮੈਂਟ, ਫਾਰਮ ਹਾਊਸ ਤੇ ਵਪਾਰਕ ਅਦਾਰਿਆਂ ਨੂੰ ਕੂਰਕ ਕਰ ਲਿਆ ਗਿਆ ਹੈ।

ਏਜੰਸੀਆਂ ਮੁਤਾਬਕ ਫਿਲਹਾਲ ਪਵਨ ਮਾਲਹਨ ਤੇ ਉਸ ਦਾ ਬੇਟਾ ਹਿਤਿਕ ਮਾਮਲੇ 'ਚ ਤੇਲੰਗਾਨਾ ਪੁਲਸ ਦੀ ਹਿਰਾਸਤ 'ਚ ਹਨ। ਰਿਪੋਰਟ ਮੁਤਾਬਕ ਕੂਰਕ ਕੀਤੀ ਗਈ ਸੰਪਤੀ ਦੀ ਕੁਲ ਕੀਮਤ 277.97 ਕਰੋੜ ਰੁਪਏ ਹੈ। ਸੰਪਤੀ 'ਚ 34.60 ਕਰੋੜ ਰੁਪਏ ਦੀ ਲਾਗਤ ਨਾਲ ਖਰੀਦੀ ਗਈ 29 ਅਚੱਲ ਸੰਪਤੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਦੋਸ਼ੀ ਨਿਰਦੇਸ਼ਕਾਂ ਦੇ ਨਾਮ 'ਤੇ ਅਤੇ ਕੰਪਨੀ ਦੇ ਨਾਮ 'ਤੇ 124 ਬੈਂਕ ਖਾਤਿਆਂ 'ਚ ਰੱਖੀ ਗਈ 242.25 ਕਰੋੜ ਰੁਪਏ ਦੀ ਰਾਸ਼ੀ ਸ਼ਾਮਲ ਹੈ। ਈ.ਡੀ. ਨੇ ਕਿਹਾ ਕਿ ਕੰਪਨੀ  ਤੇ ਉਸ ਦੇ ਪ੍ਰਮੋਟਰਾਂ ਨੇ ਧੋਖਾਧੜੀ ਤਰੀਕੇ ਨਾਲ 12 ਲੱਖ ਸ਼ੇਅਰ ਧਾਰਕਾਂ ਤੋਂ 1,064 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕੀਤੀ।


Inder Prajapati

Content Editor

Related News