‘ਓਮੀਕਰੋਨ’ ਦੀ ਦਹਿਸ਼ਤ; ਤੇਲੰਗਾਨਾ ਦੇ ਇਕ ਸਕੂਲ ’ਚ 42 ਵਿਦਿਆਰਥਣਾਂ ਕੋਰੋਨਾ ਪਾਜ਼ੇਟਿਵ
Monday, Nov 29, 2021 - 06:02 PM (IST)
ਹੈਦਰਾਬਾਦ— ਦੁਨੀਆ ਭਰ ’ਚ ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਦੀ ਦਹਿਸ਼ਤ ਹੈ। ਇਸ ਦਰਮਿਆਨ ਤੇਲੰਗਾਨਾ ਦੇ ਸੰਗਾਰੈੱਡੀ ਜ਼ਿਲ੍ਹੇ ਵਿਚ ਕੁੜੀਆਂ ਦੇ ਇਕ ਸਰਕਾਰੀ ਆਵਾਸੀ ਸਕੂਲ ’ਚ 42 ਵਿਦਿਆਰਥਣਾਂ ਅਤੇ ਇਕ ਅਧਿਆਪਕਾ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਮਾਮਲੇ ਹੈਦਰਾਬਾਦ ਤੋਂ ਕਰੀਬ 50 ਕਿਲੋਮੀਟਰ ਦੂਰ ਸੰਗਾਰੈੱਡੀ ਜ਼ਿਲ੍ਹੇ ਦੇ ਮੁਥਾਂਗੀ ਪਿੰਡ ਸਥਿਤ ਮਹਾਤਮਾ ਜਿਓਤਿਬਾ ਫੁਲੇ ਗੁਰੂਕੁਲ ਸਕੂਲ ਵਿਚ ਸਾਹਮਣੇ ਆਏ ਹਨ। ਸਕੂਲ ਦੀਆਂ 491 ਵਿਦਿਆਰਥਣਾਂ ’ਚੋਂ ਐਤਵਾਰ ਨੂੰ 261 ਵਿਦਿਆਰਥਣਾਂ ਦਾ ਕੋਵਿਡ ਟੈਸਟ ਕੀਤਾ ਗਿਆ। ਕੁੱਲ 42 ਵਿਦਿਆਰਥਣਾਂ ਕੋਰੋਨਾ ਪਾਜ਼ੇਟਿਵ ਮਿਲੀਆਂ।
ਇਕ ਸਿਹਤ ਅਧਿਕਾਰੀ ਨੇ ਕਿਹਾ ਕਿ ਸਾਰੇ 27 ਅਧਿਆਪਕਾ ਅਤੇ ਸਟਾਫ਼ ਮੈਂਬਰਾਂ ਦੀ ਜਾਂਚ ਕੀਤੀ ਗਈ ਹੈ ਅਤੇ ਇਕ ਅਧਿਆਪਕਾ ਕੋਰੋਨਾ ਪਾਜ਼ੇਟਿਵ ਮਿਲੀ। ਅਧਿਕਾਰੀ ਨੇ ਕਿਹਾ ਕਿ ਪਾਜ਼ੇਟਿਵ ਪਰੀਖਣ ਕਰਨ ਵਾਲੇ ਵਿਦਿਆਰਥੀਆਂ ਦੇ ਨਮੂਨੇ ਜਾਂਚ ਲਈ ਹੈਦਰਾਬਾਦ ਭੇਜੇ ਗਏ ਹਨ। ਪੀੜਤ ਵਿਦਿਆਰਥਣਾਂ ਨੂੰ ਸਕੂਲ ਕੰਪਲੈਕਸ ਦੇ ਹੌਸਟਲ ਵਿਚ ਆਈਸੋਲੇਸ਼ਨ ਵਿਚ ਰੱਖਿਆ ਗਿਆ ਅਤੇ ਉਹ ਸਾਰੇ ਸਥਿਰ ਹਨ।
ਦੱਸਣਯੋਗ ਹੈ ਕਿ ਪਿਛਲੇ 10 ਦਿਨਾਂ ਦੌਰਾਨ ਤੇਲੰਗਾਨਾ ਦੇ ਕਿਸੇ ਸਿੱਖਿਅਕ ਸੰਸਥਾ ’ਚ ਵੱਡੀ ਗਿਣਤੀ ’ਚ ਵਿਦਿਆਰਥੀਆਂ ਦੀ ਕੋਰੋਨਾ ਪਾਜ਼ੇਟਿਵ ਦੀ ਇਹ ਤੀਜੀ ਘਟਨਾ ਹੈ। ਪਿਛਲੇ ਹਫ਼ਤੇ ਹੈਦਰਾਬਾਦ ਨੇੜੇ ਮਹਿੰਦਰਾ ਯੂਨੀਵਰਸਿਟੀ ’ਚ 25 ਵਿਦਿਆਰਥੀ ਅਤੇ ਸਟਾਫ਼ ਦੇ 5 ਮੈਂਬਰ ਪਾਜ਼ੇਟਿਵ ਪਾਏ ਜਾਣ ਮਗਰੋਂ ਬੰਦ ਕਰਨਾ ਪਿਆ ਸੀ।