ਸਰਬਸੰਮਤੀ ਨਾਲ ਚੁਣਿਆ ਜਾਵੇਗਾ ‘ਇੰਡੀਆ’ ਗੱਠਜੋੜ ਦਾ ਨੇਤਾ : ਤੇਜਸਵੀ
Sunday, Dec 08, 2024 - 09:02 PM (IST)
ਕੋਲਕਾਤਾ, (ਭਾਸ਼ਾ)- ਰਾਸ਼ਟਰੀ ਜਨਤਾ ਦਲ (ਰਾਜਦ) ਦੇ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ-ਮੁੱਖ ਮੰਤਰੀ ਤੇਜਸਵੀ ਯਾਦਵ ਨੇ ਐਤਵਾਰ ਨੂੰ ਕਿਹਾ ਕਿ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ਦੀ ਮੁਖੀ ਮਮਤਾ ਬੈਨਰਜੀ ਸਮੇਤ ਕੋਈ ਵੀ ਸੀਨੀਅਰ ਨੇਤਾ ‘ਇੰਡੀਆ’ ਗੱਠਜੋੜ ਦੀ ਅਗਵਾਈ ਕਰ ਸਕਦਾ ਹੈ, ਇਸ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।
ਬਿਹਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਨੇ ਸ਼ਹਿਰ ਦੇ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਕਿਹਾ ਕਿ ‘ਇੰਡੀਆ’ ਗੱਠਜੋੜ ਨੇ ਇਸ ਮਾਮਲੇ ’ਤੇ ਵਿਚਾਰ ਨਹੀਂ ਕੀਤਾ ਹੈ ਅਤੇ ਸਾਰੇ ਪੱਖਾਂ ਨਾਲ ਚਰਚਾ ਅਜੇ ਹੋਣੀ ਹੈ।
ਤੇਜਸਵੀ ਯਾਦਵ ਤੋਂ ਪੁੱਛਿਆ ਗਿਆ ਕਿ ਜੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਗੱਠਜੋੜ ਦੀ ਅਗਵਾਈ ਕਰਨ, ਤਾਂ ਕੀ ਉਸ ’ਚ ਸ਼ਾਮਲ ਪ੍ਰਮੁੱਖ ਪਾਰਟੀ ਰਾਜਦ ਸਮਰਥਨ ਲਈ ਤਿਆਰ ਹੈ, ਇਸ ’ਤੇ ਉਨ੍ਹਾਂ ਕਿਹਾ ਕਿ ਜਦੋਂ ਨੇਤਾ ਅਤੇ ਭਵਿੱਖ ਦੇ ਰੋਡਮੈਪ ’ਤੇ ਗੱਲ ਹੋਵੇਗੀ, ਤਾਂ ਸਰਬਸੰਮਤੀ ਨਾਲ ਇਸ ਬਾਰੇ ਕੋਈ ਵੀ ਫੈਸਲਾ ਲਿਆ ਜਾਵੇਗਾ।