ਤਹਿਰੀਕ-ਏ-ਹੁਰੀਅਤ ਦੇ ਚੇਅਰਮੈਨ ਦਾ ਬੇਟਾ ਅੱਤਵਾਦੀ ਸੰਗਠਨ ਹਿਜ਼ਬੁਲ 'ਚ ਸ਼ਾਮਲ

Saturday, Mar 24, 2018 - 11:27 PM (IST)

ਨਵੀਂ ਦਿੱਲੀ— ਕਸ਼ਮੀਰ 'ਚ ਤਹਿਰੀਕ-ਏ-ਹੁਰੀਅਤ ਦੇ ਨਵੇਂ ਚੀਫ ਦੇ ਬੇਟੇ ਵਲੋਂ ਅੱਤਵਾਦੀ ਸੰਗਠਨ ਹਿਜ਼ਬੁਲ ਮੁਜ਼ਾਹਿਦੀਨ 'ਚ ਭਰਤੀ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹੁਰੀਅਤ ਦੇ ਨਵੇਂ ਚੀਫ ਮੁਹੰਮਦ ਅਸ਼ਰਫ ਸੇਰਾਏ ਦੇ ਬੇਟੇ ਜੁਨੈਦ ਅਹਿਮਦ ਸੇਰਾਏ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਉਸ ਦੇ ਹੱਥ 'ਚ ਰਾਈਫਲ ਹੈ। ਇਸ ਦੇ ਨਾਲ ਹੀ ਉਸ ਦਾ ਹਰ ਤਰ੍ਹਾਂ ਦਾ ਬਿਓਰਾ ਇਸ ਫੋਟੋ 'ਤੇ ਲਿਖਿਆ ਹੋਇਆ ਹੈ। ਇਸ 'ਚ ਇਹ ਵੀ ਲਿਖਿਆ ਹੈ ਕਿ ਉਹ ਮੁਜਾਹਿਦੀਨ ਨਾਲ ਕਦੋਂ ਤੋਂ ਜੁੜਿਆ ਹੈ। ਇਸ ਫੋਟੋ 'ਤੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਕ ਉਸ ਨੇ 24 ਮਾਰਚ ਭਾਵ ਅੱਜ ਹੀ ਅੱਤਵਾਦੀ ਸੰਗਠਨ ਜੁਆਇਨ ਕੀਤਾ ਹੈ।
ਫੋਟੋ 'ਤੇ ਉਪਲੱਬਧ ਜਾਣਕਾਰੀ ਮੁਤਾਬਕ ਜੁਨੈਦ ਅਹਿਮਦ ਸੇਰਾਏ ਦਾ ਕੋਡ ਨਾਮ ਅਮਾਰ ਭਾਈ ਹੈ ਅਤੇ ਉਹ ਬਾਗਾਰ ਬਾਜੁਰਲਾ ਦਾ ਰਹਿਣ ਵਾਲਾ ਹੈ। ਇਸ 'ਚ ਉਸ ਦੇ ਪਿਤਾ ਦਾ ਨਾਂ ਵੀ ਮੁਹੰਮਦ ਅਸ਼ਰਫ ਸੇਰਾਏ ਦੱਸਿਆ ਗਿਆ ਹੈ, ਜਿਹੜਾ ਕਿ ਤਹਿਰੀਕ-ਏ-ਹੁਰੀਅਤ ਦਾ ਚੀਫ ਹੈ। ਫੋਟੋ 'ਤੇ ਜੁਨੈਦ ਦੀ ਸਿੱਖਿਆ ਕੇ. ਯੂ. ਤੋਂ ਐਮ. ਬੀ. ਏ. ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੁਹੰਮਦ ਅਸ਼ਰਫ ਸੇਰਾਏ ਦਾ ਬੇਟਾ ਜੁਨੈਦ ਅਸ਼ਰਫ ਖਾਨ ਸ਼ੁੱਕਰਵਾਰ ਤੋਂ ਗਾਇਬ ਸੀ। ਜੁਨੈਦ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਨੂੰ ਬਗਹਾਟ ਇਲਾਕੇ 'ਚ ਘਰ ਨੇੜੇ ਸ਼ੁੱਕਰਵਾਰ ਪ੍ਰਾਥਨਾ ਤੋਂ ਬਾਅਦ ਨਹੀਂ ਦੇਖਿਆ ਗਿਆ ਸੀ। ਉਹ ਜਦੋਂ ਕਾਫੀ ਦੇਰ ਬਾਅਦ ਵਾਪਸ ਘਰ ਨਹੀਂ ਆਇਆ ਤਾਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਬਾਅਦ 'ਚ ਇਸ ਸੰਬੰਧ 'ਚ ਪੁਲਸ ਨਾਲ ਸੰਪਰਕ ਕੀਤਾ ਗਿਆ ਹੈ
ਦੱਸ ਦਈਏ ਕਿ ਇਸ ਹਫਤੇ ਸੱਯਦ ਅਲੀ ਸ਼ਾਹ ਗਿਲਾਨੀ ਦੇ ਅਸਤੀਫੇ ਤੋਂ ਬਾਅਦ ਮੁਹੰਮਦ ਅਸ਼ਰਫ ਸੇਰਾÂੈ ਨੂੰ ਤਹਿਰੀਕ-ਹੁਰੀਅਤ ਦਾ ਚੈਅਰਮੈਨ ਬਣਾਇਆ ਗਿਆ ਹੈ। ਇਹ ਸੰਗਠਨ 2005 'ਚ ਹੋਂਦ 'ਚ ਆਇਆ ਸੀ। ਗਿਲਾਨੀ ਅਤੇ ਸੇਰਾਏ ਦੋਵੇਂ ਇਸ ਦੇ ਫਾਊਂਡਰ ਮੈਂਬਰ ਰਹੇ ਹਨ। ਸੇਰਾਏ ਅਤੇ ਗਿਲਾਨੀ ਚੰਗੇ ਦੋਸਤ ਵੀ ਰਹੇ ਹਨ ਇਸ ਲਈ ਮੰਨਿਆ ਜਾ ਰਿਹਾ ਹੈ ਕਿ ਗਿਲਾਨੀ ਨੇ ਅਸਤੀਫਾ ਦੇ ਕੇ ਸੇਰਾਏ ਦੇ ਪ੍ਰਧਾਨ ਬਣਨ ਦਾ ਰਸਤਾ ਸਾਫ ਕੀਤਾ ਹੈ।
 


Related News