ਤਸਵੀਰ ਨਾਲ ਛੇੜਛਾੜ ਕਰ ਸੋਸ਼ਲ ਮੀਡੀਆ ''ਤੇ ਪਾਏ ਜਾਣ ਤੋਂ ਬਾਅਦ ਨਾਬਾਲਿਗਾ ਨੇ ਕੀਤੀ ਆਤਮ ਹੱਤਿਆ
Tuesday, Nov 17, 2020 - 03:13 AM (IST)
ਕੋਲਕਾਤਾ - ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ 'ਚ 15 ਸਾਲਾ ਇੱਕ ਨਾਬਾਲਿਗਾ ਨੇ ਕਥਿਤ ਤੌਰ 'ਤੇ ਆਤਮ ਹੱਤਿਆ ਕਰ ਲਈ। ਪੁਲਸ ਨੇ ਦੱਸਿਆ ਕਿ ਕਿਸੇ ਨੇ ਨਾਬਾਲਿਗਾ ਦੀ ਤਸਵੀਰ ਨਾਲ ਛੇੜਛਾੜ ਕਰ ਉਸ ਨੂੰ ਇਤਰਾਜ਼ਯੋਗ ਬਣਾ ਕੇ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਸੀ ਜਿਸ ਦੇ ਚੱਲਦੇ ਨਾਬਾਲਿਗਾ ਨੇ ਇਹ ਕਦਮ ਚੁੱਕਿਆ।
ਜਗਤਦਲ ਪੁਲਸ ਥਾਣਾ ਅਧੀਨ ਸ਼ਿਆਮਨਗਰ ਖੇਤਰ 'ਚ ਸਥਿਤ ਨਾਬਾਲਿਗਾ ਦੇ ਘਰ 'ਚ ਉਸ ਦੀ ਲਾਸ਼ ਫਾਹੇ ਨਾਲ ਲਟਕੀ ਮਿਲੀ। ਉਹ 9ਵੀਂ ਜਮਾਤ ਦੀ ਵਿਦਿਆਰਥਣ ਸੀ। ਘਟਨਾ ਤੋਂ ਬਾਅਦ ਖੇਤਰ 'ਚ ਲੋਕਾਂ 'ਚ ਰੋਸ਼ ਹੈ ਅਤੇ ਉਹ ਸੜਕ ਜਾਮ ਕਰ ਤਸਵੀਰ ਪਾਉਣ ਵਾਲੇ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਛੇੜਛਾੜ ਕੀਤੀ ਹੋਈ ਤਸਵੀਰ ਦੀ ਸੂਚਨਾ ਦਿੱਤੀ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਪਰਿਵਾਰ ਦੇ ਇੱਕ ਮੈਂਬਰ ਨੇ ਕਿਹਾ, “ਅਸੀਂ ਅੱਠ ਅਕਤੂਬਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਨੇ ਇਸ 'ਤੇ ਧਿਆਨ ਨਹੀਂ ਦਿੱਤਾ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਲੋਕਾਂ ਤੱਕ ਪੁੱਜਦੀ ਰਹੀ। ਅੱਜ ਸਾਡੀ ਕੁੜੀ ਨੇ ਆਤਮ ਹੱਤਿਆ ਕਰ ਲਈ ਕਿਉਂਕਿ ਉਹ ਬਦਨਾਮੀ ਤੋਂ ਬਚਣਾ ਚਾਹੁੰਦੀ ਸੀ।” ਹਾਲਾਂਕਿ, ਇਸ ਸੰਬੰਧ 'ਚ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ, ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।