8ਵੀਂ ਦੇ ਵਿਦਿਆਰਥੀ ਦੇ ਅਸ਼ਲੀਲ ਮੈਸੇਜਾਂ ਤੋਂ ਤੰਗ ਆਈ ਟੀਚਰ

Wednesday, Sep 06, 2017 - 12:05 AM (IST)

8ਵੀਂ ਦੇ ਵਿਦਿਆਰਥੀ ਦੇ ਅਸ਼ਲੀਲ ਮੈਸੇਜਾਂ ਤੋਂ ਤੰਗ ਆਈ ਟੀਚਰ

ਮੁੰਬਈ— ਨਵੀਂ ਮੁੰਬਈ ਦੀ ਰਹਿਣ ਵਾਲੀ ਇਕ ਟੀਚਰ ਨੂੰ ਉਸਦਾ ਸਾਬਕਾ ਵਿਦਿਆਰਥੀ ਲਗਾਤਾਰ ਅਸ਼ਲੀਲ ਮੈਸੇਜ ਭੇਜ ਰਿਹਾ ਹੈ। 27 ਸਾਲਾ ਅਧਿਆਪਕਾ ਨੇ ਦੱਸਿਆ ਕਿ ਉਹ ਇਕ ਸਾਲ ਪਹਿਲਾਂ ਪੰਚਗਣੀ ਦੇ ਇਕ ਬੋਰਡਿੰਗ ਸਕੂਲ 'ਚ ਪੜ੍ਹਾਉਂਦੀ ਸੀ। ਮੈਸੇਜ ਕਰਨ ਵਾਲਾ ਲੜਕਾ ਵੀ ਉਸੇ ਸਕੂਲ 'ਚ ਅੱਠਵੀਂ ਦਾ ਵਿਦਿਆਰਥੀ ਹੈ।
ਉਹ ਜਦੋਂ ਸ਼ਿਕਾਇਤ ਦਰਜ ਕਰਵਾਉਣ ਲਈ ਕੁਝ ਦਿਨ ਪਹਿਲਾਂ ਨਵੀਂ ਮੁੰਬਈ ਦੇ ਕਮੋਠੇ ਪੁਲਸ ਥਾਣੇ ਗਈ ਤਾਂ ਪੁਲਸ ਨੇ ਉਸ ਨੂੰ ਗਣਪਤੀ ਵਿਸਰਜਨ ਮਗਰੋਂ ਆਉਣ ਲਈ ਕਹਿ ਕੇ ਮੋੜ ਦਿੱਤਾ। ਪੁਲਸ ਨੇ ਮਾਮਲੇ ਦੀ ਐੱਫ. ਆਈ. ਆਰ. ਅਜੇ ਤਕ ਦਰਜ ਨਹੀਂ ਕੀਤੀ। 
ਅਧਿਆਪਕਾ ਨੇ ਦੱਸਿਆ ਕਿ ਮੈਂ ਪਿਛਲੇ ਸਾਲ ਤਕ ਉਪਰੋਕਤ ਸਕੂਲ 'ਚ ਪੜ੍ਹਾਉਂਦੀ ਸੀ। ਉਸ ਸਕੂਲ ਦੇ ਕਈ ਸਾਬਕਾ ਸਹਿਯੋਗੀ ਅਤੇ ਵਿਦਿਆਰਥੀ ਫੇਸਬੁੱਕ 'ਤੇ ਮੇਰੀ ਫ੍ਰੈਂਡਲਿਸਟ 'ਚ ਹਨ। ਪਿਛਲੇ ਸ਼ੁੱਕਰਵਾਰ ਨੂੰ ਉਸੇ ਸਕੂਲ ਦੇ 14 ਸਾਲਾ ਵਿਦਿਆਰਥੀ ਨੇ ਮੈਨੂੰ ਫੇਸਬੁੱਕ ਦੀ ਚੈਟ 'ਤੇ ਕੁਝ ਇਤਰਾਜ਼ਯੋਗ ਮੈਸੇਜ ਭੇਜੇ। ਮੈਂ ਮੈਸੇਜ ਮਿਲਣ ਮਗਰੋਂ ਉਸ ਨੂੰ ਕਿਹਾ ਕਿ ਉਹ ਅਨੁਸ਼ਾਸਨ 'ਚ ਰਹੇ ਅਤੇ ਇਸ ਤਰ੍ਹਾਂ ਦੇ ਮੈਸੇਜ ਨਾ ਭੇਜੇ। ਮੈਂ ਉਸ ਨੂੰ ਕਿਹਾ ਕਿ ਹੁਣ ਮੈਂ ਉਸਦੀ ਟੀਚਰ ਨਹੀਂ ਪਰ ਉਹ ਮੈਨੂੰ ਲਗਾਤਾਰ ਇਤਰਾਜ਼ਯੋਗ ਮੈਸੇਜ ਭੇਜਦਾ ਰਿਹਾ। ਜਦੋਂ ਮੁਲਜ਼ਮ ਵਿਦਿਆਰਥੀ ਨੇ ਅਧਿਆਪਕਾ ਕੋਲੋਂ ਉਸਦੀ ਇਤਰਾਜ਼ਯੋਗ ਫੋਟੋ ਦੀ ਮੰਗ ਕੀਤੀ ਤਾਂ ਉਸ ਨੇ ਨਾਂਹ ਕਰ ਦਿੱਤੀ ਤਾਂ ਮੁਲਜ਼ਮ ਉਸ ਨੂੰ ਗਾਲਾਂ ਕੱਢਣ ਲੱਗਾ। ਅਧਿਆਪਕਾ ਦਾ ਕਹਿਣਾ ਹੈ ਕਿ ਇਸ ਹਰਕਤ ਕਾਰਨ ਉਹ ਪ੍ਰੇਸ਼ਾਨ ਹੋ ਗਈ। 
ਉਹ ਚਾਹੁੰਦੀ ਸੀ ਕਿ ਲੜਕੇ ਦੀਆਂ ਹਰਕਤਾਂ ਬਾਰੇ ਉਸਦੇ ਮਾਪਿਆਂ ਨੂੰ ਪਤਾ ਲੱਗੇ ਪਰ ਉਸਦੇ ਕੋਲ ਵਿਦਿਆਰਥੀ ਦੇ ਘਰਵਾਲਿਆਂ ਦਾ ਨੰਬਰ ਨਹੀਂ। ਬਰਸਾਤ ਕਾਰਨ ਸਕੂਲ ਬੰਦ ਹੈ ਜਿਸ ਕਾਰਨ ਉਹ ਉਸਦੇ ਪਰਿਵਾਰ ਨਾਲ ਸੰਪਰਕ ਨਹੀਂ ਕਰ ਸਕਦੀ। ਪ੍ਰੇਸ਼ਾਨ ਟੀਚਰ ਨੇ ਇਤਰਾਜ਼ਯੋਗ ਮੈਸੇਜਾਂ ਦਾ ਸਕ੍ਰੀਨ ਸ਼ਾਟ ਲੈ ਕੇ ਫੇਸਬੁੱਕ 'ਤੇ ਪੋਸਟ ਕਰ ਦਿੱਤਾ ਜਿਸਦੇ ਮਗਰੋਂ ਲੜਕੇ ਨੇ ਆਪਣਾ ਫੇਸਬੁੱਕ ਅਕਾਊਂਟ ਬੰਦ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਹੁਣ ਸਾਈਬਰ ਸੈੱਲ ਕਰ ਰਿਹਾ ਹੈ।


Related News