ਭਾਰਤ ਨੂੰ ''ਵਿਸ਼ਵ ਗੁਰੂ'' ਬਣਾਉਣ ਲਈ ਕੇਂਦਰ ਸਰਕਾਰ ਦਾ ਵੱਡਾ ਉਪਰਾਲਾ
Thursday, Aug 22, 2019 - 10:48 AM (IST)

ਨਵੀਂ ਦਿੱਲੀ— ਅੱਜ ਦੇ ਸਮੇਂ 'ਚ ਹਰ ਇਕ ਮਨੁੱਖ ਦਾ ਪੜ੍ਹਿਆ-ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਇਕ ਚੰਗਾ ਟੀਚਰ ਹੀ ਹਰ ਇਕ ਵਿਦਿਆਰਥੀ ਦੀ ਸਿੱਖਿਆ ਦੀ ਨੀਂਹ ਮਜ਼ਬੂਤ ਕਰਦਾ ਹੈ। ਭਾਰਤ ਨੂੰ ਫਿਰ ਤੋਂ 'ਵਿਸ਼ਵ ਗੁਰੂ' ਬਣਾਉਣ ਲਈ ਕੇਂਦਰ ਸਰਕਾਰ ਨੇ ਵੱਡਾ ਉਪਰਾਲਾ ਕੀਤਾ ਹੈ। ਸਰਕਾਰ ਨੇ ਦੁਨੀਆ ਦੀ ਸਭ ਤੋਂ ਵੱਡੀ ਟੀਚਰ ਟ੍ਰੇਨਿੰਗ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਟ੍ਰੇਨਿੰਗ ਵਿਚ ਦੇਸ਼ ਦੇ ਸਾਰੇ ਸੂਬਿਆਂ ਦੇ ਸਰਕਾਰੀ ਸਕੂਲਾਂ ਦੇ 42 ਲੱਖ ਟੀਚਰਾਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਖੇਡ-ਖੇਡ 'ਚ ਪੜ੍ਹਾਈ, ਲਰਨਿੰਗ ਆਊਟਕਮ ਆਦਿ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਖਾਸ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਵਿਚ ਟੀਚਰਾਂ ਨੂੰ ਕਲਾਸ ਰੂਮ ਦੇ ਨਾਲ-ਨਾਲ ਫੇਸਬੁੱਕ, ਵਟਸਐਪ ਦੇ ਜ਼ਰੀਏ ਟ੍ਰੇਨਿੰਗ ਮਿਲੇਗੀ। ਦਿੱਲੀ ਵਿਚ ਬੁੱਧਵਾਰ ਨੂੰ ਮਨੁੱਖੀ ਸੋਮਿਆਂ ਦੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਨੈਸ਼ਨਲ ਇੰਸੀਏਟਿਵ ਔਨ ਸਕੂਲ ਟੀਚਰ ਹੈੱਡ ਹੌਲੀਸਟਿਕ ਐਡਵਾਂਸਮੈਂਟ (ਨਿਸ਼ਠਾ) ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਆਈ. ਏ. ਐੱਸ. ਬਣਨਾ ਆਸਾਨ ਹੋਵੇਗਾ ਪਰ ਟੀਚਰ ਨਹੀਂ। ਟੀਚਰ ਇਕ ਵਿਦਿਆਰਥੀ ਦਾ ਨਹੀਂ, ਪੂਰੇ ਦੇਸ਼ ਦਾ ਨਿਰਮਾਤਾ ਹੁੰਦਾ ਹੈ। ਟੀਚਰ ਦੀ ਜਮਾਤ 'ਚੋਂ ਵਿਗਿਆਨਕ, ਪ੍ਰਸ਼ਾਸਨਿਕ, ਰਾਜਨੇਤਾ, ਅਭਿਨੇਤਾ, ਟੀਚਰ, ਡਾਕਟਰ ਅਤੇ ਸਮਾਜ ਸੇਵਕ ਨਿਕਲਦੇ ਹਨ। ਅਜਿਹੇ ਵਿਚ ਜੇਕਰ ਉਹ ਹੀ ਕਮਜ਼ੋਰ ਹੋਵੇਗਾ ਤਾਂ ਦੇਸ਼ ਦਾ ਵਿਕਾਸ ਅਤੇ ਭਵਿੱਖ ਦੋਵੇਂ ਹੀ ਖਤਰੇ ਵਿਚ ਹਨ। ਉਨ੍ਹਾਂ ਨੇ ਕਿਹਾ ਕਿ ਟੀਚਰ ਬਣਨ ਦੀ ਪੜ੍ਹਾਈ ਦੇ ਪਾਠਕ੍ਰਮ ਵੀ ਬਦਲਾਅ ਕੀਤਾ ਜਾ ਰਿਹਾ ਹੈ। ਹੁਣ ਇਵੇਂ ਹੀ ਕੋਈ ਟੀਚਰ ਨਹੀਂ ਬਣ ਸਕੇਗਾ।
ਇੰਝ ਮਿਲੇਗੀ ਟ੍ਰੇਨਿੰਗ—
ਨਿਸ਼ਠਾ ਪੋਟਰਲ ਦੇ ਜ਼ਰੀਏ ਸਾਰੇ ਸੂਬਿਆਂ ਦੇ ਸਰਕਾਰੀ ਸਕੂਲਾਂ ਦੇ ਟੀਚਰ ਜੁੜਨਗੇ। ਕੇਂਦਰ ਸਰਕਾਰ ਗਰੁੱਪ ਜ਼ਰੀਏ ਮਾਸਟਰ ਟ੍ਰੇਨਰ ਬਣਾਏਗੀ। ਇਹ ਅੱਗੇ 33 ਹਜ਼ਾਰ ਨੂੰ ਟ੍ਰੇਨਿੰਗ ਦੇਣਗੇ। ਇਸ ਤੋਂ ਬਾਅਦ ਟੀਚਰ, ਪ੍ਰਿੰਸੀਪਲ ਅਤੇ ਹੋਰਨਾਂ ਨੂੰ ਟ੍ਰੇਨਿੰਗ ਮਿਲੇਗੀ। ਦੇਸ਼ ਭਰ ਵਿਚ ਸਰਕਾਰੀ ਸਕੂਲਾਂ ਵਿਚ 90 ਲੱਖ ਟੀਚਰ ਹਨ। ਹਾਲਾਂਕਿ ਪਹਿਲੇ ਪੜਾਅ ਵਿਚ 42 ਲੱਖ ਟੀਚਰਾਂ ਨੂੰ ਟ੍ਰੇਨਿਗ ਦਿੱਤੀ ਜਾਵੇਗੀ। ਉਸ ਤੋਂ ਬਾਅਦ ਦੂਜਾ ਪੜਾਅ ਸ਼ੁਰੂ ਹੋਵੇਗਾ।