ਸਿਹਤ ਲਈ ਖਤਰਨਾਕ ਹੈ ਸ਼ਾਮ ਦੇ ਸਮੇਂ ਚਾਹ-ਸਮੋਸਾ

Sunday, Mar 08, 2020 - 08:35 PM (IST)

ਨਵੀਂ ਦਿੱਲੀ (ਇੰਟ.)-ਮਾਨਸਿਕ ਤੇ ਸਰੀਰਕ ਤੌਰ ’ਤੇ ਫਿਟ ਰਹਿਣ ਲਈ ਅਕਸਰ ਅਸੀਂ ਸਵੇਰ ਦੇ ਨਾਸ਼ਤੇ ਨੂੰ ਜ਼ਰੂਰੀ ਮੰਨਦੇ ਹਾਂ। ਸਾਨੂੰ ਲੱਗਦਾ ਹੈ ਕਿ ਸਵੇਰ ਦਾ ਨਾਸ਼ਤਾ ਜਿੰਨਾ ਜ਼ਿਆਦਾ ਹੈਲਦੀ ਹੋਵੇਗਾ, ਸਾਡੀ ਸਿਹਤ ਵੀ ਓਨੀ ਹੀ ਚੰਗੀ ਰਹੇਗੀ, ਇਸ ਲਈ ਅਸੀਂ ਸਵੇਰ ਦਾ ਨਾਸ਼ਤਾ ਹੈਲਦੀ ਰੱਖਦੇ ਹਾਂ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਦੁਪਹਿਰ ਦੇ ਭੋਜਨ ਤੋਂ ਬਾਅਦ ਜੇਕਰ ਸ਼ਾਮ ਦੇ ਸਮੇਂ ਭੁੱਖ ਲੱਗਣ ਲੱਗੇ ਤਾਂ ਕੀ ਖਾਈਏ।

PunjabKesari

ਅਕਸਰ ਲੋਕ ਸ਼ਾਮ ਵੇਲੇ ਚਾਹ-ਸਮੋਸਾ, ਚਾਹ-ਬ੍ਰੈੱਡ, ਪਕੌੜੇ, ਮੋਮੋਜ਼ ਅਤੇ ਚਾਈਨੀਜ਼ ਫੂਡ ਦੀਆਂ ਦੁਕਾਨਾਂ ’ਤੇ ਨਜ਼ਰ ਆਉਣ ਲੱਗਦੇ ਹਨ। ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਕਿ ਜਿਸ ਤੇਲ ’ਚ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਤਲਿਆ ਜਾਂਦਾ ਹੈ, ਉਹ ਤੁਹਾਡੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ ਪਰ ਫਿਰ ਵੀ ਲੋਕ ਬੜੇ ਚਾਅ ਨਾਲ ਇਨ੍ਹਾਂ ਵਸਤਾਂ ਦਾ ਸੇਵਨ ਕਰਦੇ ਹਨ।

ਭੁੱਜੇ ਹੋਏ ਛੋਲੇ

PunjabKesari
ਆਫਿਸ ਤੋਂ ਬਾਹਰ ਨਿਕਲ ਕੇ ਕੁਝ ਖਾਣ ਦਾ ਮਨ ਕਰ ਰਿਹਾ ਹੈ ਤਾਂ ਭੁੱਜੇ ਛੋਲੇ ਤੁਹਾਡੇ ਲਈ ਕਿਸੇ ਸਿਹਤਮੰਦ ਸਨੈਕਸ ਤੋਂ ਘੱਟ ਨਹੀਂ ਹਨ। ਛੋਲਿਆਂ ’ਚ ਫਾਈਬਰ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜਿਸ ਕਾਰਣ ਇਸ ਨੂੰ ਪਚਾਉਣ ’ਚ ਤੁਹਾਡੇ ਸਰੀਰ ਨੂੰ ਸਮਾਂ ਲੱਗਦਾ ਹੈ। ਭੁੱਜੇ ਛੋਲੇ ਤੁਹਾਨੂੰ ਕਈ ਘੰਟਿਆਂ ਤੱਕ ਪੇਟ ਭਰਿਆ ਹੋਣ ਦਾ ਅਹਿਸਾਸ ਦਿਵਾਉਂਦੇ ਹਨ। ਇਸ ਦੇ ਨਾਲ ਹੀ ਬਲੱਡ ਸ਼ੂਗਰ ਨੂੰ ਵੀ ਨਹੀਂ ਵਧਾਉਂਦੇ। ਜੇਕਰ ਤੁਸੀਂ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਭੁੱਜੇ ਛੋਲੇ ਤੁਹਾਡੇ ਲਈ ਬੇਹੱਦ ਫਾਇਦੇਮੰਦ ਹਨ।

ਘੱਟ ਲੂਣ ਵਾਲੀ ਭੁੱਜੀ ਮੂੰਗਫਲੀ

PunjabKesari
ਮੂੰਗਫਲੀ ’ਚ ਵਿਟਾਮਿਨ ਈ ਅਤੇ ਬੀ-6, ਫੋਲਿਕ ਐਸਿਡ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਪੋਸ਼ਕ ਤੱਤਾਂ ਦੀ ਚੋਖੀ ਮਾਤਰਾ ਪਾਈ ਜਾਂਦੀ ਹੈ, ਜੋ ਤੁਹਾਡੇ ਸਰੀਰ ਨੂੰ ਤੰਦਰੁਸਤ ਬਣਾਉਣ ’ਚ ਮਦਦ ਕਰਦੀ ਹੈ। ਘੱਟ ਲੂਣ ’ਚ ਭੁੱਜੀ ਹੋਈ ਮੂੰਗਫਲੀ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ’ਚ ਕਰਨ ਦਾ ਕੰਮ ਕਰਦੀ ਹੈ।

ਸਪ੍ਰਾਊਟਸ ਹੈ ਪ੍ਰੋਟੀਨ ਦਾ ਭੰਡਾਰ

PunjabKesari
ਸ਼ਾਮ ਵੇਲੇ ਭੁੱਖ ਲੱਗਣ ’ਤੇ ਸਪ੍ਰਾਊਟਸ ਦਾ ਸੇਵਨ ਤੁਹਾਨੂੰ ਲੰਮੇ ਸਮੇਂ ਤੱਕ ਸੰਤੁਸ਼ਟ ਰੱਖਣ ’ਚ ਮਦਦ ਕਰਦਾ ਹੈ। ਸਵਾਦ ਲਈ ਤੁਸੀਂ ਇਸ ’ਚ ਨਿੰਬੂ, ਪਿਆਜ਼, ਟਮਾਟਰ ਅਤੇ ਕਾਲੀ ਮਿਰਚ ਵੀ ਪਾ ਸਕਦੇ ਹੋ।

ਫਲ ਜਾਂ ਫਲਾਂ ਦਾ ਜੂਸ

PunjabKesari
ਸ਼ਾਮ ਦੇ ਸਮੇਂ ਜੇਕਰ ਤੁਹਾਨੂੰ ਚਾਹ ਜਾਂ ਕੌਫ਼ੀ ਪੀਣ ਦੀ ਤਲਬ ਲੱਗਦੀ ਹੈ ਤਾਂ ਤੁਸੀਂ ਇਸ ਦੀ ਬਜਾਏ ਕੁੱਝ ਹੈਲਦੀ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰ ਸਕਦੇ ਹੋ। ਤੁਸੀਂ ਭਾਵੇਂ ਬਾਹਰੋਂ ਫਲ ਖਰੀਦ ਲਵੋ ਜਾਂ ਫਿਰ ਤਾਜ਼ੇ ਫਲਾਂ ਦਾ ਰਸ ਪੀਓ। ਇਹ ਤੁਹਾਡੇ ਸਰੀਰ ’ਚ ਫਿਰ ਤੋਂ ਊਰਜਾ ਦਾ ਸੰਚਾਰ ਕਰਨਗੇ ਅਤੇ ਤੁਹਾਨੂੰ ਜ਼ਰੂਰੀ ਪੋਸ਼ਕ ਤੱਤ ਵੀ ਪ੍ਰਦਾਨ ਕਰਨਗੇ। ਤੁਸੀਂ ਆਪਣਾ ਪਸੰਦੀਦਾ ਫਲ ਜਿਵੇਂ ਕਿ ਸੇਬ, ਕੇਲਾ ਜਾਂ ਫਿਰ ਅਨਾਰ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਕਿਸਮ ਦਾ ਸ਼ੇਕ ਵੀ ਪੀ ਸਕਦੇ ਹੋ।

ਸਵੀਟ ਕੌਰਨ

PunjabKesari
ਸਵੀਟ ਕੌਰਨ (ਮੱਕੀ ਦੇ ਦਾਣੇ) ਸ਼ਾਮ ਲਈ ਇਕ ਹੈਲਦੀ ਸਨੈਕ ਦੀ ਸੂਚੀ ’ਚ ਸਭ ਤੋਂ ਉੱਪਰ ਆਉਂਦੇ ਹਨ। ਇਸ ਹੈਲਦੀ ਸਨੈਕ ਨੂੰ ਬਣਾਉਣ ਲਈ ਤੁਸੀਂ ਥੋੜ੍ਹੇ ਜਿਹੇ ਮੱਖਣ ਨਾਲ ਸਵੀਟ ਕੌਰਨ ਨੂੰ ਉਬਾਲ ਲਵੋ। ਇਹ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਨੂੰ ਬਹੁਤ ਦੇਰ ਤੱਕ ਰੱਜੇ ਹੋਣ ਦਾ ਅਹਿਸਾਸ ਦਿਵਾਉਂਦੇ ਹਨ। ਤੁਸੀਂ ਸਵਾਦ ਲਈ ਇਸ ’ਚ ਮਸਾਲਿਆਂ ਦੀ ਵੀ ਵਰਤੋਂ ਕਰ ਸਕਦੇ ਹੋ ਅਤੇ ਚਟਪਟੇ ਸਲਾਦ ਦੇ ਰੂਪ ’ਚ ਇਸ ਦਾ ਸੇਵਨ ਕਰ ਸਕਦੇ ਹੋ।


Karan Kumar

Content Editor

Related News