ਮੋਦੀ ਰਿਆਦ 'ਚ ਬੋਲੇ, '2024 ਤੱਕ ਰਿਫਾਇਨਰੀ ਤੇ ਗੈਸ ਟਰਮੀਨਲਾਂ 'ਚ ਅਰਬਾਂ ਡਾਲਰ ਨਿਵੇਸ਼ ਦਾ ਟੀਚਾ'

10/29/2019 10:41:40 PM

ਰਿਆਦ/ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਵੇਸ਼ਕਾਂ ਨੂੰ ਭਾਰਤ 'ਚ ਨਿਵੇਸ਼ ਕਰਨ ਦਾ ਸੱਦਾ ਦਿੰਦੇ ਹੋਏ ਮੰਗਲਵਾਰ ਨੂੰ ਆਖਿਆ ਕਿ ਦੇਸ਼ 5,000 ਅਰਬ ਡਾਲਰ ਦੀ ਅਰਥ ਵਿਵਸਥਾ ਬਣਨ ਦਾ ਟੀਚਾ ਲੈ ਕੇ ਚੱਲ ਰਿਹਾ ਹੈ। ਉਨ੍ਹਾਂ ਆਖਿਆ ਕਿ ਭਾਰਤ ਰਿਫਾਇਨਰੀ, ਪਾਈਪਲਾਈਨ, ਗੈਸ ਟਰਮੀਨਲ ਸਮੇਤ ਊਰਜਾ ਖੇਤਰ ਦਾ ਬੁਨਿਆਦੀ ਢਾਂਚਾ ਖੜ੍ਹਾ ਕਰਨ ਲਈ 2024 ਤੱਕ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਪ੍ਰਧਾਨ ਮੰਤਰੀ ਰਿਆਦ 'ਚ ਸਾਊਦੀ ਅਰਬ 'ਚ ਚੱਲ ਰਹੇ ਗਲੋਬਲ ਵਿੱਤ ਸੰਮੇਲਨ 'ਚ ਮੰਗਲਵਾਰ ਨੂੰ ਇਕ ਸੈਸ਼ਨ ਨੂੰ ਸੰਬੋਧਿਤ ਕਰ ਰਹੇ ਸਨ।

ਮੋਦੀ ਨੇ ਵਿਸ਼ਵ ਭਰ ਤੋਂ ਆਏ ਨਿਵੇਸ਼ਕਾਂ ਨੂੰ ਭਾਰਤੀ ਸਟਾਰਟਅਪ 'ਚ ਉੱਦਮ ਪੂੰਜੀ ਨਿਵੇਸ਼ ਦੇ ਵਿਸ਼ਾਲ ਮੌਕਿਆਂ ਦਾ ਫਾਇਦਾ ਚੁੱਕਣ ਲਈ ਸੱਦਾ ਦਿੱਤਾ। ਉਨ੍ਹਾਂ ਆਖਿਆ ਕਿ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟਅਪ ਪਰਿਵਾਰ ਹੈ। ਸਵਿੱਟਜ਼ਰਲੈਂਡ ਦੇ ਗਲੋਬਲ ਆਰਥਿਕ ਮੰਚ (ਡਬਲਯੂ. ਈ. ਐੱਫ.) ਦੇ ਤਰਜ਼ 'ਤੇ ਸਾਊਦੀ ਅਰਬ 'ਚ ਫਿਊਚਰ ਇੰਵੈਸਟਮੈਂਟ ਇਨੀਸ਼ੇਏਟਿਵ ਫੋਰਮ ਬੈਨਰ ਦੀ ਅਗਵਾਈ 'ਚ ਹੋਣ ਵਾਲੇ ਇਸ ਸਾਲਾਨਾ ਸੰਮੇਲਨ ਨੂੰ ਮਾਰੂਥਲ 'ਚ ਦਾਵੋਸ ਆਖਿਆ ਜਾ ਰਿਹਾ ਹੈ।

ਮੋਦੀ ਨੇ ਆਪਣੇ ਸੰਬੋਧਨ 'ਚ ਆਖਿਆ ਕਿ ਏਸ਼ੀਆ 'ਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 700 ਅਰਬ ਡਾਲਰ ਦੇ ਨਿਵੇਸ਼ ਦੀ ਜ਼ਰੂਰਤ ਹੈ। ਭਾਰਤ 'ਚ ਇਹ ਖੇਤਰ 10 ਫੀਸਦੀ ਤੋਂ ਜ਼ਿਆਦਾ ਦੇ ਵਾਧੇ ਨਾਲ ਵਧੇਗਾ। ਪ੍ਰਧਾਨ ਮੰਤਰੀ ਨੇ ਇਹ ਵੀ ਆਖਿਆ ਕਿ ਆਉਣ ਵਾਲੇ ਸਾਲਾਂ 'ਚ ਭਾਰਤ 'ਚ ਸਿਖਲਾਈ ਪ੍ਰਾਪਤ ਕਰਮਚਾਰੀਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ 40 ਕਰੋੜ ਲੋਕਾਂ ਨੂੰ ਕੌਸ਼ਲ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਅੰਤਰਰਾਸ਼ਟਰੀ ਵਪਾਰ ਸਮਝੌਤਿਆਂ ਦਾ ਵਿਸਤਾਰ ਮਾਨਵ ਸੰਸਾਥਨ ਖੇਤਰ 'ਚ ਵੀ ਕੀਤਾ ਜਾਣਾ ਚਾਹੀਦਾ ਹੈ, ਇਨ੍ਹਾਂ ਨੂੰ ਸਿਰਫ ਮਾਲ-ਵਪਾਰ ਤੱਕ ਸੀਮਤ ਨਹੀਂ ਰਖਿਆ ਜਾਣਾ ਚਾਹੀਦਾ।

ਮੋਦੀ ਨੇ ਆਖਿਆ ਕਿ ਭਾਰਤ ਰਿਫਾਇਨਰੀ, ਪਾਈਪਲਾਈਨ, ਗੈਸ ਟਰਮੀਨਲ ਸਮੇਤ ਊਰਜਾ ਖੇਤਰ ਦਾ ਬੁਨਿਆਦੀ ਢਾਂਚਾ ਖੜ੍ਹਾ ਕਰਨ ਲਈ 2024 ਤੱਕ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਭਾਰਤ ਨੂੰ ਆਪਣੀ ਤੇਜ਼ੀ ਨਾਲ ਵਧ ਰਹੀ ਅਰਥ ਵਿਵਸਥਾ ਲਈ ਊਰਜਾ ਖੇਤਰ 'ਚ ਨਿਵੇਸ਼ ਵਧਾਉਣ ਦੀ ਜ਼ਰੂਰਤ ਹੈ। ਸਬਸਿਡੀ ਦਾ ਫਾਇਦਾ ਸਿੱਧਾ ਲਾਭਪਾਤਰੀਆਂ ਦੇ ਖਾਤੇ 'ਚ ਪਾਉਣ ਦੀ ਯੋਜਨਾ ਡੀ. ਬੀ. ਟੀ. ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਆਖਿਆ ਕਿ ਡਾਇਰੈਕਟ ਬੈਨੇਫਿਟ ਟਰਾਂਸਫਰ (ਸਿੱਧਾ ਲਾਭ ਤਬਾਦਲਾ, ਡੀ. ਬੀ. ਟੀ.) ਦੇ ਜ਼ਰੀਏ 20 ਅਰਬ ਡਾਲਰ ਦੀ ਬਚਤ ਕੀਤੀ ਗਈ ਹੈ।


Khushdeep Jassi

Content Editor

Related News