ਤਾਮਿਲਨਾਡੂ ਦਾ ਦਾਅਵਾ- ਚੀਨ ਤੋਂ ਰੈਪਿਡ ਟੈਸਟ ਕਿੱਟ ਲੈ ਕੇ ਆ ਰਿਹਾ ਜਹਾਜ਼ ਅਮਰੀਕਾ ਨੂੰ ਮੁੜਿਆ

04/11/2020 8:55:58 PM

ਚੇਨਈ — ਤਾਮਿਲਨਾਡੂ ਦੇ ਪ੍ਰਮੁੱਖ ਸਕੱਤਰ ਸ਼ਣਮੁੱਖ ਨੇ ਕਿਹਾ ਹੈ ਕਿ ਚੀਨ ਵੱਲੋਂ ਰੈਪਿਡ ਟੈਸਟ ਕਿੱਟ ਲੈ ਕੇ ਆ ਰਹੇ ਕਾਰਗੋ ਜਹਾਜ਼ ਨੂੰ ਅਮਰੀਕਾ ਵੱਲ ਮੋੜ ਦਿੱਤਾ ਗਿਆ ਹੈ। ਪ੍ਰਮੁੱਕ ਸਕੱਤਰ ਨੇ ਇਹ ਵੀ ਕਿਹਾ ਹੈ ਕਿ 15 ਤਰੀਕ ਦੀ ਸਵੇਰ ਤਕ ਲਾਕਡਾਊਨ ਜਾਰੀ ਰਹੇਗਾ। ਅਜਿਹੇ 'ਚ ਸਾਡੇ ਕੋਲ ਹਾਲੇ ਸਮੇਂ ਹੈ। ਅਸੀਂ ਪ੍ਰਧਾਨ ਮੰਤਰੀ ਦੇ ਫੈਸਲੇ ਦੇ ਹਿਸਾਬ ਨਾਲ ਚੱਲਾਂਗੇ।

ਮਹਾਰਾਸ਼ਟਰ ਤੋਂ ਬਾਅਦ ਤਾਮਿਲਨਾਡੂ 'ਚ ਹਨ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ
ਦੱਸਣਯੋਗ ਹੈ ਕਿ ਮਹਾਰਾਸ਼ਟਰ ਤੋਂ ਬਾਅਦ ਤਾਮਿਲਨਾਡੂ 'ਚ ਹੀ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਤਾਮਿਲਨਾਡੂ 'ਚ ਕੋਰੋਨਾ ਵਾਇਰਸ ਦੇ ਮਾਮਲੇ ਬਹੁਤ ਤੇਜੀ ਨਾਲ ਵਧ ਰਹੇ ਹਨ। ਸੂਬੇ 'ਚ ਸ਼ੁੱਕਰਵਾਰ ਨੂੰ 77 ਨਵੇਂ ਕੇਸ ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਕੁਲ ਮਾਮਲਿਆਂ ਦੀ ਗਿਣਤੀ ਵਧ ਕੇ 911 ਹੋ ਗਈ ਸੀ।

ਤਾਮਿਲਨਾਡੂ ਦੀ 19 ਮੈਂਬਰੀ ਕਮੇਟੀ ਨੇ ਕੀਤੀ ਸੀ ਲਾਕਡਾਊਨ ਨੂੰ 2 ਹਫਤੇ ਵਧਾਉਣ ਦੀ ਸਿਫਾਰਿਸ਼
ਉਥੇ ਹੀ ਇਸ ਤੋਂ ਪਹਿਲਾਂ ਤਾਮਿਲਨਾਡੂ ਸਰਕਾਰ ਵੱਲੋਂ ਗਠਿਤ ਇਕ 19 ਮੈਂਬਰੀ ਮਾਹਰ ਕਮੇਟੀ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦੇ ਪਲਾਨੀਸਵਾਮੀ ਨਾਲ ਸੂਬੇ 'ਚ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਲਾਕਡਾਊਨ ਨੂੰ 14 ਅਪ੍ਰੈਲ ਤੋਂ ਦੋ ਹਫਤੇ ਹੋਰ ਵਧਾਉਣ ਦੀ ਸਿਫਾਰਿਸ਼ ਕੀਤੀ ਸੀ। ਉਥੇ ਹੀ ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਹਰ ਦਿਨ 700 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤਾਂ ਮੌਤ ਦੇ ਅੰਕੜੇ ਵੀ ਤੇਜੀ ਨਾਲ ਵਧ ਰਹੇ ਹਨ। ਜੇਕਰ ਪਿਛਲੇ 24 ਘੰਟੇ ਦੀ ਗੱਲ ਕਰੀਏ ਤਾਂ 768 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੁਲ ਮਰੀਜ਼ਾਂ ਦੀ ਗਿਣਤੀ 7529 ਹੋ ਗਈ ਹੈ ਅਤੇ 242 ਲੋਕ ਆਪਣੀ ਜਾਨ ਗੁਆ ਚੁੱਕੇ ਹਨ। 768 ਲੋਕ ਠੀਕ ਹੋ ਕੇ ਘਰ ਵਾਪਸ ਵੀ ਪਰਤ ਚੁੱਕੇ ਹਨ।


Inder Prajapati

Content Editor

Related News