ਇਸ ਉਮੀਦਵਾਰ ਨੇ ਕੀਤੇ ਅਨੋਖੇ ਚੋਣ ਵਾਅਦੇ, ਕਿਹਾ- ਲੋਕਾਂ ਨੂੰ ਕਰਾਵਾਂਗੇ ਚੰਨ ਦੀ ਸੈਰ

Saturday, Mar 27, 2021 - 05:52 PM (IST)

ਮਦੁਰੈ- ਤਾਮਿਲਨਾਡੂ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਦਲਾਂ ਨੇ ਪ੍ਰਚਾਰ 'ਚ ਪੂਰਾ ਜ਼ੋਰ ਲਗਾ ਦਿੱਤਾ ਹੈ। ਹਰ ਕੋਈ ਵੋਟਰਾਂ ਨੂੰ ਲੁਭਾਉਣ ਲਈ ਪ੍ਰਚਾਰ ਲਈ ਵੱਖ-ਵੱਖ ਤਰੀਕੇ ਅਪਣਾ ਰਿਹਾ ਹੈ ਅਤੇ ਇਕ ਤੋਂ ਵੱਧ ਕੇ ਇਕ ਵਾਅਦੇ ਕਰ ਰਿਹਾ ਹੈ। ਅੰਨਾਦਰਮੁਕ ਅਤੇ ਦਰਮੁਕ ਵਾਸ਼ਿੰਗ ਮਸ਼ੀਨ ਅਤੇ ਡਿਜੀਟਲ ਟੈਬਲੇਟ ਦੇਣ ਦੀ ਗੱਲ ਕਰ ਰਹੇ ਹਨ ਤਾਂ ਉੱਥੇ ਹੀ ਇਕ ਆਜ਼ਾਦ ਉਮੀਦਵਾਰ ਨੇ ਹੈਰਾਨ ਕਰਨ ਵਾਲੇ ਵਾਅਦਿਆਂ ਦੀ ਝੜੀ ਲਗਾ ਦਿੱਤੀ। ਦਰਅਸਲ ਇਸ ਉਮੀਦਵਾਰ ਨੇ ਲੋਕਾਂ ਨੂੰ ਚੰਨ ਦੀ ਯਾਤਰਾ ਕਰਵਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਦੇ ਚੋਣਾਵੀ ਵਾਅਦੇ ਅਜੀਬ  ਲੱਗ ਸਕਦੇ ਹਨ ਅਤੇ ਅਸੰਭਵ ਲੱਗ ਸਕਦੇ ਹਨ ਪਰ ਆਰ. ਸਰਵਨਨ ਦਾ ਕਹਿਣਾ ਹੈ ਕਿ ਚੰਨ ਦੀ 100 ਦਿਨਾ ਮੁਫ਼ਤ ਯਾਤਰਾ, ਮੁਫ਼ਤ ਆਈਫ਼ੋਨ ਅਤੇ ਇੱਥੋਂ ਤੱਕ ਕਿ ਇਕ ਛੋਟਾ ਹੈਲੀਕਾਪਟਰ ਦੇਣ ਦਾ ਵਾਅਦਾ ਕੀਤਾ ਹੈ। ਸਰਵਨਨ ਮਦੁਰੈ ਦੱਖਣ ਤੋਂ ਚੋਣ ਮੈਦਾਨ 'ਚ ਉਤਰੇ ਹਨ। ਸਰਵਨਨ ਨੇ ਵਿਧਾਇਕ ਦੇ ਰੂਪ 'ਚ ਚੁਣੇ ਜਾਣ 'ਤੇ ਹਰ ਪਰਿਵਾਰ ਦੇ ਬੈਂਕ ਖਾਤਿਆਂ 'ਚ ਇਕ ਕਰੋੜ ਰੁਪਏ ਸਾਲਾਨਾ ਰੂਪ 'ਚ ਜਮ੍ਹਾ ਕਰਨ ਦਾ ਵਾਅਦਾ ਕੀਤਾ ਹੈ। 

ਇਹ ਵੀ ਪੜ੍ਹੋ : ਵੋਟਿੰਗ ਦੌਰਾਨ ਵੀ ਬੰਗਾਲ ’ਚ ਹਿੰਸਾ ; ਮਾਕਪਾ ਨੇਤਾ ਦੀ ਕਾਰ ’ਤੇ ਹਮਲਾ ਅਤੇ ਪੱਤਰਕਾਰਾਂ ਨਾਲ ਹੱਥੋਪਾਈ

ਉਨ੍ਹਾਂ ਨੇ 14 ਚੋਣਾਵੀ ਵਾਅਦਿਆਂ 'ਚ ਲੋਕਾਂ ਨੂੰ ਉਨ੍ਹਾਂ ਦੇ ਘਰੇਲੂ ਕੰਮਾਂ 'ਚ ਮਦਦ ਕਰਨ ਲਈ ਮੁਫ਼ਤ ਰੋਬੋਟ, ਸਾਰਿਆਂ ਲਈ ਸਵੀਮਿੰਗ ਪੂਲ ਦੇ ਨਾਲ ਤਿੰਨ ਮੰਜ਼ਲਾਂ ਘਰ, ਇਕ ਛੋਟਾ ਹੈਲੀਕਾਪਟਰ, ਵਿਆਹ ਲਈ ਜਨਾਨੀਆਂ ਨੂੰ ਸੋਨੇ ਦੇ ਗਹਿਣੇ, ਹਰ ਪਰਿਵਾਰ ਲਈ ਇਕ ਕਿਸ਼ਤੀ ਅਤੇ ਨੌਜਵਾਨਾਂ ਨੂੰ ਆਪਣੇ ਵਪਾਰ ਸ਼ੁਰੂ ਕਰਨ ਲਈ ਇਕ ਕਰੋੜ ਰੁਪਏ ਦੇਣਾ ਸ਼ਾਮਲ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਇਕ ਪੁਲਾੜ ਖੋਜ ਸਟੇਸ਼ਨ ਅਤੇ ਇਕ ਰਾਕੇਟ ਲਾਂਚ ਪੈਡ ਤੋਂ ਇਲਾਵਾ ਆਪਣੇ ਚੋਣ ਖੇਤਰ ਨੂੰ ਠੰਡਾ ਰੱਖਣ ਲਈ 300 ਫੁੱਟ ਉੱਚ ਨਕਲੀ ਬਰਫ਼ ਦਾ ਪਹਾੜ ਸਥਾਪਤ ਕਰਨ ਦਾ ਵਾਅਦਾ ਕੀਤਾ ਹੈ। ਇਨ੍ਹਾਂ ਵਾਅਦਿਆਂ ਦੇ ਸੰਬੰਧ 'ਚ ਪੁੱਛੇ ਜਾਣ 'ਤੇ ਸਰਵਨਨ ਨੇ ਹੱਸਦੇ ਹੋਏ ਕਿਹਾ,''ਮੈਂ ਲੋਕਾਂ ਵਿਚਾਲੇ ਜਾਗਰੂਕਤਾ ਪੈਦਾ ਕਰਨਾ ਚਾਹੁੰਦਾ ਹਾਂ ਕਿ ਉਹ ਮੁਫ਼ਤਖੋਰੀ ਦੇ ਸ਼ਿਕਾਰ ਨਾ ਹੋਣ।'' ਸਰਵਨਨ ਨੇ ਕਿਹਾ,''ਲੋਕਾਂ ਨੂੰ ਮੁਫ਼ਤਖੋਰੀ ਦੀ ਸੰਸਕ੍ਰਿਤੀ ਤੋਂ ਬਾਹਰ ਨਿਕਲਣਾ ਚਾਹੀਦਾ ਅਤੇ ਇਸ ਗੱਲ 'ਤੇ ਆਤਮਨਿਰੀਖਣ ਕਰਨਾ ਚਾਹੀਦਾ ਹੈ ਕਿ ਸਿਆਸੀ ਦਲਾਂ ਨੇ ਉਨ੍ਹਾਂ ਦੀ ਜ਼ਿੰਦਗੀ 'ਚ ਬਿਹਤਰ ਬਣਾਉਣ ਲਈ ਕੀ ਕੀਤਾ ਹੈ। ਵੱਖ-ਵੱਖ ਪਾਰਟੀਆਂ ਚੋਣਾਂ ਦੌਰਾਨ ਵੱਡੇ-ਵੱਡੇ ਵਾਅਦੇ ਕਰਦੀਆਂ ਹਨ ਅਤੇ ਚੁਣੇ ਜਾਣ ਤੋਂ ਬਾਅਦ ਸ਼ਾਇਦ ਹੀ ਉਹ ਕਦੇ ਲੋਕਾਂ ਨੂੰ ਮਿਲਦੇ ਹਨ।''

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News