ਮੁਫ਼ਤ ''ਚ ਸਾੜ੍ਹੀਆਂ ਲਈ ਇਕੱਠੀ ਹੋਈ ਭੀੜ, ਮਚੀ ਭਾਜੜ ''ਚ 4 ਔਰਤਾਂ ਦੀ ਮੌਤ
Sunday, Feb 05, 2023 - 10:47 AM (IST)
ਚੇਨਈ- ਤਮਿਲਨਾਡੂ ਦੇ ਤਿਰੁਪੱਤੂਰ ਜ਼ਿਲ੍ਹੇ ’ਚ ਸ਼ਨੀਵਾਰ ਨੂੰ ਭਾਜੜ ਦੀ ਇਕ ਘਟਨਾ ’ਚ 4 ਔਰਤਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ। ਭਾਜੜ ਸਾੜ੍ਹੀ ਵੰਡ ਪ੍ਰੋਗਰਾਮ ਦੌਰਾਨ ਮਚੀ। ਪੁਲਸ ਨੇ ਦੱਸਿਆ ਕਿ ਇੱਥੇ 'ਥਾਈਪੁਸਮ' ਤਿਉਹਾਰ ਦੇ ਮੌਕੇ ਇਕ ਵਿਅਕਤੀ ਮੁਫ਼ਤ ਸਾੜੀਆਂ ਅਤੇ ਸਫੇਦ ਧੋਤੀ ਦੇ ਟੋਕਨ ਵੰਡ ਰਿਹਾ ਸੀ। ਟੋਕਨ ਲੈਣ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ। ਇਸ ਦੌਰਾਨ ਭਾਜੜ ਮਚ ਗਈ।
ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਹੈ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਓਧਰ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਮ੍ਰਿਤਕ ਪਰਿਵਾਰਾਂ ਲਈ 2-2 ਲੱਖ ਰੁਪਏ ਦੀ ਮਦਦ ਰਾਸ਼ੀ ਦਾ ਐਲਾਨ ਕੀਤਾ ਹੈ। ਪੁਲਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਤਮਿਲ ਭਾਈਚਾਰਾ ਥਾਈਪੁਸਮ ਤਿਉਹਾਰ ਮਨਾਉਂਦਾ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਦੇਵੀ ਪਾਰਬਤੀ ਨੇ ਭਗਵਾਨ ਮੁਰੁਗਨ ਨੂੰ ਤਾੜਕਾਸੁਰ ਨਾਮੀ ਰਾਕਸ਼ਸ ਅਤੇ ਉਸ ਦੀ ਸੈਨਾ ਨੂੰ ਮਾਰਨ ਦਾ ਹੁਕਮ ਦਿੱਤਾ ਸੀ, ਜਿਸ ਤੋਂ ਬਾਅਦ ਭਗਵਾਨ ਕਾਰਤੀਕੇਅ ਨੇ ਤਾੜਕਾਸੁਰ ਦਾ ਵਧ ਕੀਤਾ। ਇਸ ਦੀ ਖੁਸ਼ੀ ’ਚ ਥਾਈਪੁਸਮ ਤਿਉਹਾਰ ਮਨਾਇਆ ਜਾਂਦਾ ਹੈ।