ਤਾਮਿਲਨਾਡੂ: ਅਮੋਨੀਆ ਗੈਸ ਲੀਕ ਹਾਦਸੇ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ ਪੰਜ
Monday, Jun 22, 2026 - 04:45 PM (IST)
ਵੈੱਬ ਡੈਸਕ : ਤਾਮਿਲਨਾਡੂ ਦੇ ਤਿਰੂਵੱਲੁਰ ਜ਼ਿਲ੍ਹੇ 'ਚ ਇੱਕ ਝੀਂਗਾ ਪ੍ਰੋਸੈਸਿੰਗ ਯੂਨਿਟ ਵਿਚ ਅਮੋਨੀਆ ਗੈਸ ਲੀਕ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਪੰਜ ਹੋ ਗਈ ਹੈ ਤੇ 67 ਮਜ਼ਦੂਰਾਂ ਦਾ ਇਲਾਜ ਚੱਲ ਰਿਹਾ ਹੈ। ਰਾਜ ਦੇ ਕਿਰਤ ਭਲਾਈ ਤੇ ਹੁਨਰ ਵਿਭਾਗ ਦੇ ਮੰਤਰੀ ਜੇ. ਮੁਹੰਮਦ ਫਰਵਾਸ ਨੇ ਦੱਸਿਆ ਕਿ ਇਹ ਰਿਸਾਅ ਆਈਸ ਫਲੇਕ ਜਨਰੇਟਰ ਮਸ਼ੀਨ ਵਿਚ ਗੈਸ ਲਿਜਾਣ ਵਾਲੀ ਪਾਈਪਲਾਈਨ ਦੇ ਵਾਲਵ ਵਿਚ ਖਰਾਬੀ ਕਾਰਨ ਹੋਇਆ ਹੈ।
ਇਸ ਇਕਾਈ ਵਿਚ ਕੰਮ ਕਰਨ ਅਤੇ ਰਹਿਣ ਵਾਲੇ ਕੁੱਲ 74 ਲੋਕ (70 ਔਰਤਾਂ ਅਤੇ 4 ਪੁਰਸ਼) ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ ਬਦਕਿਸਮਤੀ ਨਾਲ ਪੰਜ ਔਰਤਾਂ ਦੀ ਮੌਤ ਹੋ ਗਈ ਹੈ। 15 ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਭਰਤੀ ਕੀਤਾ ਗਿਆ ਹੈ ਅਤੇ 27 ਹੋਰਾਂ ਦਾ ਨਿੱਜੀ ਹਸਪਤਾਲਾਂ ਦੇ ਆਈਸੀਯੂ (ICU) ਵਿੱਚ ਇਲਾਜ ਚੱਲ ਰਿਹਾ ਹੈ। ਮੁੱਖ ਮੰਤਰੀ ਸੀ. ਜੋਸਫ਼ ਵਿਜੇ ਦੇ ਨਿਰਦੇਸ਼ਾਂ ਅਨੁਸਾਰ ਸਾਰਿਆਂ ਨੂੰ ਉੱਚ ਗੁਣਵੱਤਾ ਵਾਲਾ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਸਰਕਾਰੀ ਖਰਚੇ 'ਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਉਨ੍ਹਾਂ ਦੇ ਜੱਦੀ ਰਾਜਾਂ ਵਿੱਚ ਭੇਜਣ ਦੇ ਪ੍ਰਬੰਧ ਕੀਤੇ ਜਾਣਗੇ। ਮੁੱਖ ਮੰਤਰੀ ਨੇ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ 24 ਘੰਟਿਆਂ ਵਿਚ ਅੰਤਰਿਮ ਰਿਪੋਰਟ ਤੇ ਤਿੰਨ ਦਿਨਾਂ ਵਿੱਚ ਅੰਤਿਮ ਰਿਪੋਰਟ ਸੌਂਪੇਗੀ। ਅਧਿਕਾਰੀਆਂ ਨੂੰ ਸਾਰੇ ਖਤਰਨਾਕ ਉਦਯੋਗਾਂ ਦੀ ਸਾਂਝੀ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਸਿਹਤ ਵਿਭਾਗ ਅਨੁਸਾਰ, ਪ੍ਰਭਾਵਿਤ 69 ਲੋਕਾਂ ਵਿੱਚੋਂ ਦੋ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਬਾਕੀ 67 ਜ਼ਖਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿੱਚ ਇਲਾਜ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
